Trending: ਨਦੀ ਤੇ ਤਾਲਾਬ 'ਚ ਮੱਛੀਆਂ ਫੜਨ ਦੇ ਸ਼ੌਕੀਨ ਲੋਕਾਂ ਦੇ ਹੱਥਾਂ 'ਚ ਕਈ ਵਾਰ ਅਜਿਹੀਆਂ ਚੀਜ਼ਾਂ ਲੱਗ ਜਾਂਦੀਆਂ ਹਨ, ਜਿਸ ਨੂੰ ਵੇਖ ਸਾਰੇ ਹੈਰਾਨ ਰਹਿ ਜਾਂਦੇ ਹਨ ਪਰ ਕਲਪਨਾ ਕਰੋ ਕਿ ਤੁਸੀਂ ਮੱਛੀਆਂ ਫੜਨ ਗਏ ਹੋ ਤੇ ਤੁਹਾਨੂੰ ਪੈਸਿਆਂ ਨਾਲ ਭਰੀ ਤਿਜੋਰੀ ਮਿਲ ਜਾਵੇ। ਜੀ ਹਾਂ, ਅਜਿਹਾ ਹੀ ਇੱਕ ਮਾਮਲਾ ਇੰਗਲੈਂਡ ਦੇ ਲਿੰਕਨਸ਼ਾਇਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਟੀਨਏਜ਼ਰ ਮੈਗਨੇਟਿਕ ਫਿਸ਼ਿੰਗ ਕਰ ਰਿਹਾ ਸੀ। ਉਸੇ ਸਮੇਂ ਉਸ ਦੀ ਚੁੰਬਕ 'ਚ ਇੱਕ ਤਿਜੋਰੀ ਚਿਪਕ ਗਈ। ਜਦੋਂ ਨੌਜਵਾਨ ਨੇ ਉਸ ਤਿਜੋਰੀ ਨੂੰ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ।

15 ਸਾਲਾ ਜਾਰਜ ਟਿੰਡੇਲ ਆਪਣੇ 52 ਸਾਲਾ ਪਿਤਾ ਕੇਵਿਨ ਨਾਲ ਲਿੰਕਨਸ਼ਾਇਰ ਦੇ ਗ੍ਰਾਂਥਮ 'ਚ ਵਿਥਮ ਨਦੀ ਉੱਤੇ ਮੱਛੀਆਂ ਫੜਨ ਗਿਆ ਸੀ। ਮੱਛੀਆਂ ਫੜਨ ਤੋਂ ਇਲਾਵਾ ਉਹ ਇੱਕ ਮੈਗਨੇਟਿਕ ਫਿਸ਼ਰ ਵੀ ਹੈ। ਮਤਲਬ ਨਦੀ 'ਚ ਚੁੰਬਕ ਪਾ ਕੇ ਅੰਦਰ ਮੌਜੂਦ ਰਹੱਸਮਈ ਚੀਜ਼ਾਂ ਨੂੰ ਬਾਹਰ ਕੱਢ ਲੈਂਦਾ ਹੈ। ਤਿੰਨ ਹਫ਼ਤੇ ਪਹਿਲਾਂ ਉਹ ਆਪਣੇ ਪਿਤਾ ਨਾਲ ਮੈਗਨੈਟਿਕ ਫਿਸ਼ਿੰਗ ਕਰ ਰਿਹਾ ਸੀ। ਉਦੋਂ ਉਸ ਨੂੰ ਇਹ ਰਹੱਸਮਈ ਤਿਜੋਰੀ ਮਿਲੀ ਸੀ।

ਦਰਅਸਲ ਤਿੰਨ ਹਫ਼ਤੇ ਪਹਿਲਾਂ ਇਸ ਪਿਉ-ਪੁੱਤ ਦੀ ਜੋੜੀ ਦੀ ਚੁੰਬਕ 'ਚ ਇੱਕ ਭਾਰੀ ਚੀਜ਼ ਫਸ ਗਈ ਸੀ। ਅਚਾਨਕ ਚੁੰਬਕ 'ਚ ਇਸ ਭਾਰੀ ਚੀਜ਼ ਦਾ ਚਿਪਕਣਾ ਬਹੁਤ ਰੋਮਾਂਚਕ ਸੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਰੱਸੀ ਨੂੰ ਨਦੀ 'ਚੋਂ ਬਾਹਰ ਕੱਢਿਆ ਤਾਂ ਉਸ ਦੀ ਚੁੰਬਕ 'ਚ ਇਕ ਤਿਜੋਰੀ ਫਸੀ ਹੋਈ ਸੀ। ਜਦੋਂ ਉਨ੍ਹਾਂ ਨੇ ਇਸ ਨੂੰ ਖੋਲ੍ਹਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਕਿਉਂਕਿ ਤਿਜੋਰੀ ਅੰਦਰ 1.3 ਲੱਖ ਰੁਪਏ (2500 ਆਸਟ੍ਰੇਲੀਅਨ ਡਾਲਰ) ਪਏ ਸਨ।

ਇਸ ਤੋਂ ਇਲਾਵਾ ਉਸ ਸੇਫ 'ਚੋਂ ਗੋਲੀ ਚਲਾਉਣ ਦਾ ਸਰਟੀਫ਼ਿਕੇਟ ਅਤੇ ਬੈਂਕ ਕਾਰਡ ਮਿਲੇ ਹਨ, ਜਿਸ ਦੀ ਮਿਆਦ ਸਾਲ 2004 'ਚ ਖਤਮ ਹੋ ਗਈ ਸੀ। ਉਹ ਦੋਵੇਂ ਚੀਜ਼ਾਂ ਰੌਬ ਐਵਰੇਟ ਨਾਂ ਦੇ ਵਪਾਰੀ ਦੀਆਂ ਸਨ। ਇਸ ਤੋਂ ਬਾਅਦ ਨੌਜਵਾਨ ਨੇ ਉਸ ਵਿਅਕਤੀ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਸਾਲ 2000 'ਚ ਕਾਰੋਬਾਰੀ ਰੌਬ ਐਵਰੇਟ ਦੇ ਦਫ਼ਤਰ 'ਚ ਇੱਕ ਚੋਰੀ ਦੌਰਾਨ ਉਨ੍ਹਾਂ ਦੀ ਤਿਜੋਰੀ ਗਾਇਬ ਹੋ ਗਈ ਸੀ। ਪਿਓ-ਪੁੱਤ ਨੇ ਵਪਾਰੀ ਨੂੰ ਤਿਜੋਰੀ ਵਾਪਸ ਕਰ ਦਿੱਤੀ।

ਵਿੰਕਵਰਥ ਅਤੇ ਮਨੀ ਓਪਸ਼ਨਜ਼ ਗਰੁੱਪ ਦੇ ਮਾਲਕ ਰੌਬ ਐਵਰੇਟ ਨੇ ਦੱਸਿਆ ਕਿ ਉਨ੍ਹਾਂ ਦੀ ਤਿਜੋਰੀ ਇੱਕ ਮੁੰਡੇ ਨੇ ਚੋਰੀ ਕਰ ਲਈ ਸੀ। ਕਾਰੋਬਾਰੀ ਨੇ ਜਾਰਜ ਟਿੰਡੇਲ ਦੀ ਇਮਾਨਦਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, "ਮੈਂ ਹੈਰਾਨ ਸੀ ਕਿ ਉਹ ਮੈਨੂੰ ਟਰੈਕ ਕਰਨ 'ਚ ਸਫ਼ਲ ਰਹੇ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਦੁਨੀਆਂ 'ਚ ਅੱਜ ਵੀ ਅਜਿਹੇ ਇਮਾਨਦਾਰ ਲੋਕ ਹਨ।" ਗਣਿਤ 'ਚ ਮਾਹਰ ਜਾਰਜ ਟਿੰਡੇਲ ਨੂੰ ਰੌਬ ਐਵਰੇਟ ਨੇ ਇਨਾਮ ਦੇਣ ਦਾ ਫ਼ੈਸਲਾ ਕੀਤਾ। ਰੌਬ ਨੇ ਵਾਅਦਾ ਕਿ ਜਾਰਜ ਨੂੰ ਜਦੋਂ ਵੀ ਇੰਟਰਨਸ਼ਿੱਪ ਜਾਂ ਨੌਕਰੀ ਦੀ ਲੋੜ ਹੋਵੇਗੀ ਤਾਂ ਉਹ ਆਪਣੀ ਵੈਲਥ ਮੈਨੇਜਮੈਂਟ ਕੰਪਨੀ 'ਚ ਕੰਮ ਦੇਣਗੇ।