ਚੰਡੀਗੜ੍ਹ: ਜ਼ਰਾ ਸੋਚੋ ਜੇਕਰ ਤੁਹਾਡੇ ਸਾਹਮਣੇ ਬਾਘ ਆ ਜਾਵੇ ਤੁਸੀਂ ਕੀ ਕਰੋਗੇ? ਮਹਾਰਾਸ਼ਟਰ ਵਿੱਚ ਬਾਈਕ ਸਵਾਰ ਦੋ ਨੌਜਵਾਨਾਂ ਨਾਲ ਠੀਕ ਇਸੇ ਤਰ੍ਹਾਂ ਹੀ ਹੋਇਆ। ਚੰਦਪੁਰ ਦੇ ਤਾਡੋਬਾ ਜੰਗਲ ਵਿੱਚ ਉਨ੍ਹਾਂ ਦੇ ਸਾਹਮਣੇ ਖੂੰਖਾਰ ਬਾਘ ਆ ਗਿਆ।
ਬਾਈਕ ਸਵਾਰਾਂ ਲਈ ਇਹ ਪਲ ਜ਼ਿੰਦਗੀ ਤੇ ਮੌਤ ਵਿੱਚ ਝੂਲਣ ਦੀ ਤਰ੍ਹਾਂ ਸੀ। ਉਨ੍ਹਾਂ ਸਮਝਦਾਰੀ ਦਿਖਾਉਂਦੇ ਹੋਏ ਕੋਈ ਹੜਬੜੀ ਨਹੀਂ ਦਿਖਾਈ ਤੇ ਸ਼ਾਂਤ ਹੋ ਕੇ ਰੁਕ ਗਏ। ਬਾਘ ਉਨ੍ਹਾਂ ਨੂੰ ਇਸ ਤਰ੍ਹਾਂ ਰੁਕੇ ਦੇਖ ਖੜ੍ਹਾ ਹੋ ਗਿਆ ਤੇ ਬਿਨਾ ਨੁਕਸਾਨ ਕੀਤੇ ਜੰਗਲ ਵਿੱਚ ਚਲਾ ਗਿਆ।
ਕਿਸੇ ਨੇ ਇਸ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ, ਜੋ ਵਾਇਰਲ ਹੋ ਗਿਆ। ਵੀਡੀਓ ਵਿੱਚ ਬਾਈਕ ਸਵਾਰ ਨੌਜਵਾਨਾਂ ਤੋਂ ਇਲਾਵਾ ਕੁਝ ਹੋਰ ਵੀ ਲੋਕ ਪਿੱਛੇ ਜੀਪ ਵਿੱਚ ਮੌਜੂਦ ਸਨ।
ਜੀਪ ਦੇਖ ਕੇ ਬਾਘ ਹੋਰ ਢੀਠ ਬਣ ਗਿਆ। ਉਹ ਉਹੀ ਰਸਤਾ ਰੋਕ ਕੇ ਲੇਟ ਗਿਆ। ਬਾਘ ਨੂੰ ਦੇਖ ਕੇ ਜੀਪ ਸਵਾਰ ਲੋਕਾਂ ਦੀ ਅਜਿਹੀ ਹਾਲਤ ਹੋ ਗਈ ਜਿਵੇਂ ਉਨ੍ਹਾਂ ਨੂੰ ਸੱਪ ਸੁੰਘ ਗਿਆ ਹੋਵੇ। ਹਲਾਂਕਿ ਉਹ ਬੇਖੌਫ ਹੋ ਕੇ ਇਸ ਨਜ਼ਾਰੇ ਨੂੰ ਕੈਮਰੇ ਵਿੱਚ ਕੈਦ ਕਰਦੇ ਰਹੇ।