ਚਾਹ ਦੀ ਕੇਤਲੀ ਨੇ ਕੀਤੀ ਕਰੋੜਾਂ ਦੀ ਤਸਕਰੀ
ਏਬੀਪੀ ਸਾਂਝਾ | 20 Jan 2018 01:25 PM (IST)
ਫਿਰੋਜ਼ਪੁਰ: ਚਾਹ ਦੀ ਕੇਤਲੀ ਨੇ ਕੀਤੀ ਕਰੋੜਾਂ ਦੀ ਤਸਕਰੀ। ਸੁਣਨ 'ਚ ਚਾਹੇ ਇਹ ਅਜੀਬ ਲੱਗ ਰਿਹਾ ਹੈ ਪਰ ਇਸ ਦੀ ਸੱਚਾਈ ਹੈਰਾਨ ਕਰ ਦੇਵੇਗੀ। ਕੌਮਾਂਤਰੀ ਸਰਹੱਦ ਉੱਪਰ ਜ਼ਮੀਨ ਵਿੱਚ ਖੇਤੀ ਦੌਰਾਨ ਚਾਹ ਵਾਲੀ ਕੇਤਲੀ ਦੇ ਥੱਲੇ ਲੁਕੋ ਕੇ ਹੈਰੋਇਨ ਦੀ ਤਸਕਰੀ ਕੀਤੀ ਜਾ ਰਹੀ ਹੈ। ਇਸ ਦਾ ਖੁਲਾਸਾ ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਭਾਰਤੀ ਤਸਕਰਾਂ ਤੋਂ ਪੁਲਿਸ ਨੇ 3 ਲੱਖ ਦੀ ਕਰੰਸੀ ਤੇ 310 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਤਸਕਰ ਕੌਮਾਂਤਰੀ ਸਰਹੱਦ ਉੱਪਰ ਖੇਤੀ ਦੌਰਾਨ ਚਾਹ ਵਾਲੀ ਕੇਤਲੀ ਦੇ ਥੱਲੇ ਲੁਕੋ ਕੇ ਹੈਰੋਇਨ ਦੀ ਤਸਕਰੀ ਕਰਦੇ ਸੀ। ਇਹ ਧੰਦਾ ਕਦੋਂ ਤੋਂ ਚੱਲ ਰਿਹਾ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦਰਾਅਸਲ ਅੱਜ ਪਾਕਿ ਤੋਂ ਆਉਂਦੀ ਹੈਰੋਇਨ ਨੂੰ ਚਾਹ ਦੀ ਕੇਤਲੀ ਥੱਲੇ ਲੁਕੋ ਕੇ ਲਿਆਉਣ ਦੀ ਭਿਣਕ ਪੈਂਦਿਆਂ ਹੀ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਪੁਲਿਸ ਨੇ ਛਾਪੇਮਾਰੀ ਕਰਕੇ ਦੋ ਤਸਕਰਾਂ ਨੂੰ ਦਬੋਚ ਲਿਆ ਪਰ ਦੋ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰਣਜੀਤ ਤੇ ਗੁਰਦੀਪ ਨਾਮੀ ਤਸਕਰਾਂ ਨੂੰ ਕਾਬੂ ਕੀਤਾ ਗਿਆ ਜਦੋਂਕਿ ਜ਼ਮੀਨ ਮਾਲਕ ਗਾਂਧੀ ਤੇ ਉਸ ਦਾ ਸਾਥੀ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਉਕਤ ਤਸਕਰ ਕੌਮਾਂਤਰੀ ਸਰਹੱਦ ਤੋਂ ਹੈਰੋਇਨ ਦੀ ਤਸਕਰੀ ਚਾਹ ਦੀ ਕੇਟਲੀ ਸਹਾਰੇ ਕਰ ਰਹੇ ਸਨ ਪਰ ਇਸ ਦੀ ਬੀ.ਐਸ.ਐਫ ਨੂੰ ਕੋਈ ਭਿਣਕ ਨਹੀਂ ਪਈ।