ਲੰਡਨ- ਏਅਰਲਾਈਨ ਨਾਰਵੀਜਨ ਏਅਰ ਨੇ ਨਵਾਂ ਰਿਕਾਰਡ ਬਣਾ ਧਰਿਆ ਹੈ। ਇਸ ਏਅਰਲਾਈਨ ਮੁਤਾਬਕ 15 ਜਨਵਰੀ ਨੂੰ ਨਿਊਯਾਰਕ ਤੋਂ ਲੰਡਨ ਦੀ ਫਲਾਈਟ ਵਿਚ ਸਵਾਰ ਯਾਤਰੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਜਹਾਜ਼ ਆਪਣੇ ਮਿਥੇ ਗਏ ਸਮੇਂ ਤੋਂ ਇਕ-ਦੋ ਮਿੰਟ ਨਹੀਂ, ਪੂਰੇ 53 ਮਿੰਟ ਪਹਿਲਾਂ ਪਹੁੰਚ ਗਿਆ। ਇਹ ਫਲਾਈਟ ਸਿਰਫ 5 ਘੰਟੇ 13 ਮਿੰਟ ਵਿਚ ਲੰਡਨ ਪਹੁੰਚ ਗਈ, ਜੋ ਹੁਣ ਤੱਕ ਕਿਸੇ ਸਬਸੋਨਿਕ ਕਮਰਸ਼ੀਅਲ ਫਲਾਈਟ ਵੱਲੋਂ ਦਰਜ ਕੀਤਾ ਗਿਆ ਸਭ ਤੋਂ ਘੱਟ ਸਮਾਂ ਹੈ। ਇਸ ਤੋਂ ਪਹਿਲਾਂ ਸਾਲ 2015 ਵਿਚ ਬ੍ਰਿਟਿਸ਼ ਏਅਰਵੇਜ਼ ਨੇ 5 ਘੰਟੇ 16 ਮਿੰਟ ਵਿਚ ਸਫਰ ਪੂਰਾ ਕਰ ਕੇ ਸਭ ਤੋਂ ਤੇਜ਼ ਟਰਾਂਸ-ਐਟਲਾਂਟਿਕ ਫਲਾਈਟ ਹੋਣ ਦਾ ਰਿਕਾਰਡ ਬਣਾਇਆ ਸੀ। ਨਾਰਵੀਜਨ ਫਲਾਈਟ ਦੇ ਕੈਪਟਨ ਨੇ ਕਿਹਾ ਕਿ ਆਸ ਤੋਂ ਵੱਧ ਚੰਗਾ ਮੌਸਮ ਅਤੇ ਅਨੁਕੂਲ ਹਵਾ ਦੀ ਵਜ੍ਹਾ ਨਾਲ ਬੋਇੰਗ 787-9 ਡ੍ਰੀਮਲਾਈਨਰ ਪਿਛਲੇ ਰਿਕਾਰਡ ਤੋਂ 3 ਮਿੰਟ ਪਹਿਲਾ ਪਹੁੰੰਚਣ ਵਿਚ ਸਫਲ ਹੋਇਆ। ਫਲਾਈਟ ਵਿਚ 284 ਯਾਤਰੀ ਸਫਰ ਕਰ ਰਹੇ ਸਨ ਅਤੇ ਇਹ ਫਲਾਈਟ ਸਵੇਰੇ 11 ਵੱਜ ਕੇ 44 ਮਿੰਟ ਉੱਤੇ ਨਿਊਯਾਰਕ ਤੋਂ ਰਵਾਨਾ ਹੋਈ ਸੀ। ਨਿਊਯਾਰਕ ਤੋਂ ਲੰਡਨ ਜਾਣ ਲਈ ਨਾਰਵੀਜਨ ਏਅਰ ਦੀ ਫਲਾਈਟ 6 ਘੰਟੇ 30 ਮਿੰਟ ਦਾ ਸਮਾਂ ਲੈਂਦੀ ਹੈ, ਪਰ ਇਹ ਫਲਾਈਟ ਸਮੇਂ ਤੋਂ 53 ਮਿੰਟ ਪਹਿਲਾਂ ਪੁੱਜ ਗਈ। ਸੁਪਰਸੋਨਿਕ ਹਵਾਈ ਯਾਤਰਾ ਬਹੁਤ ਤੇਜ਼ ਹੁੰਦੀ ਹੈ। ਦੱਸਣ ਯੋਗ ਹੈ ਕਿ ਸੁਪਰਸਨਿਕ ਜਹਾਜ਼ ਉਹ ਹੁੰਦੇ ਹਨ, ਜੋ ਅਵਾਜ਼ ਦੀ ਗਤੀ ਤੋਂ ਤੇਜ਼ ਉਡਾਣ ਭਰਦੇ ਹਨ, ਪਰ ਇਹ ਵਿਵਾਦਾਂ ਵਿਚ ਵੀ ਘਿਰੀ ਰਹਿ ਚੁੱਕੀ ਹੈ।