ਦੁਬਈ: ਦੁਨੀਆ ਦੀ ਸਭ ਤੋਂ ਵੱਡੀ ਮਿੱਕੀ ਮਾਊਸ ਦੀ ਮੂਰਤੀ ਬਣਾਈ ਗਈ ਹੈ। ਇਹ ਮੂਰਤੀ ਮਿੱਕੀ ਮਾਊਸ ਦੇ 90ਵੇਂ ਵਰ੍ਹੇਗੰਢ ਮੌਕੇ ਬਣਾਈ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮੂਰਤੀ ਦਾ ਨਿਰਮਾਣ ਰੰਗੀਨ ਫੁੱਲਾਂ ਨਾਲ ਕੀਤਾ ਗਿਆ ਹੈ। ਇਸ ਮੂਰਤੀ ਲਈ ਦੁਬਈ ਦੇ ਮਿਰਾਕਲ ਗਾਰਡਨ (Miracle Garden) ਨੂੰ ਗਿੰਨੀਜ਼ ਵਰਲਡ ਰਿਕਾਰਡ ਦਾ ਖ਼ਿਤਾਬ ਮਿਲਿਆ ਹੈ।
ਇਹ ਮੂਰਤੀ ਮਿਡਲ ਈਸਟ ਦੀ ਪਹਿਲੀ ਕਾਰਟੂਨ ਪ੍ਰਦਰਸ਼ਨੀ ਹੈ, ਜਿਸ ਨੂੰ ਫੁੱਲਾਂ ਨਾਲ ਤਿਆਰ ਕੀਤਾ ਗਿਆ ਹੈ। ਇਸ ਮੂਰਤੀ ਦੀ ਲੰਬਾਈ 18 ਮੀਟਰ ਹੈ। ਇਸ ਮੂਰਤੀ ਨੂੰ ਤਕਰੀਬਨ 10,000 ਪੌਦਿਆਂ ਤੇ ਫੁੱਲਾਂ (ਜਿਨ੍ਹਾਂ ਵਿੱਚ ਸਫ਼ੇਦ ਪੇਟੂਨਿਆ, ਲਾਲ ਪੇਟੂਨਿਆ, ਪੀਲਾ ਵਿਅੋਲਾ, ਜ਼ੀਨੀਆ ਮੈਰੀਗੋਲਡ ਤੇ ਹਰਾ ਆਲਟੇਰਨੇਥਰ ਸ਼ਾਮਲ ਹਨ) ਨਾਲ ਤਿਆਰ ਕੀਤਾ ਗਿਆ ਹੈ। ਮੂਰਤੀ ਦਾ ਵਜ਼ਨ ਤਕਰੀਬਨ 35 ਟਨ ਹੈ। ਮਿੱਕੀ ਮਾਊਸ ਦੀ ਮੂਰਤੀ ਨੂੰ 7 ਟਨ ਸਟੀਲ ਸੰਰਚਨਾ ਰਾਹੀਂ ਤੇ 50 ਟਨ ਕੰਕਰੀਟ ਦੀ ਨੀਂਹ ਨਾਲ ਸਪੋਰਟ ਦਿੱਤੀ ਗਈ ਹੈ।
ਇੰਜਨੀਅਰ ਤੇ ਦੁਬਈ ਮਿਰਾਕਲ ਗਾਰਡਨ ਦੇ ਨਿਰਮਾਤਾ ਅਬਦੁਲ ਨਾਸਰ ਰਾਹੇਲ ਨੇ ਕਿਹਾ ਕਿ ਇਹ ਮੂਰਤੀ 100 ਮਜ਼ਦੂਰਾਂ, ਡਿਜ਼ਾਈਨਰਾਂ ਤੇ ਇੰਜਨੀਅਰਾਂ ਦੀ 45 ਦਿਨਾਂ ਦੀ ਮਿਹਨਤ ਦਾ ਨਤੀਜਾ ਹੈ।
[embed]https://twitter.com/DXBMediaOffice/status/967832764258152456[/embed]
ਮਿੱਕੀ ਮਾਊਸ ਦੁਨੀਆ ਦੇ ਸਭ ਤੋਂ ਵੱਕਾਰੀ ਤੇ ਪਿਆਰੇ ਪਾਤਰਾਂ ਵਿੱਚੋਂ ਇੱਕ ਹੈ। ਇਹ ਮੂਰਤੀ ਬਣਾਉਣ ਮਗਰੋਂ ਮਿਰਾਕਲ ਗਾਰਡਨ ਤੇ ਦ ਵਾਲਟ ਡਿਜ਼ਨੀ ਵਿਚਕਾਰ ਇੱਕ ਨਵਾਂ ਸਮਝੌਤਾ ਹੋਇਆ ਹੈ, ਜਿਸ ਮੁਤਾਬਕ ਅਗਲੀਆਂ ਸਰਦੀਆਂ ਵਿੱਚ ਜਦੋਂ ਗਾਰਡਨ ਦੁਬਾਰਾ ਖੁੱਲ੍ਹੇਗਾ, ਉਦੋਂ ਡਿਜ਼ਨੀ ਦੇ 6 ਹੋਰ ਪਾਤਰਾਂ ਦੀਆਂ ਮੂਰਤੀਆਂ ਬਾਗ਼ ਵਿੱਚ ਲਾਈਆਂ ਜਾਣਗੀਆਂ। ਅਬਦੁਲ ਨਾਸਰ ਰਾਹੇਲ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਅਸੀਂ ਇਸ ਮੂਰਤੀ ਦਾ ਨਿਰਮਾਣ ਕੀਤਾ।