ਗੁੰਡਾਗਰਦੀ ਕਰਕੇ ਮੁੜ ਹੋਈ ਵੋਟਿੰਗ 'ਚ ਫਿਰ ਧੱਕੇਸ਼ਾਹੀ
ਏਬੀਪੀ ਸਾਂਝਾ | 26 Feb 2018 12:15 PM (IST)
ਲੁਧਿਆਣਾ: ਵਾਰਡ ਨੰਬਰ 44 ਦੇ ਦੋ ਪੋਲਿੰਗ ਬੂਥਾਂ 'ਤੇ ਮੁੜ ਤੋਂ ਵੋਟਾਂ ਪੁਵਾਈਆਂ ਗਈਆਂ। 24 ਤਾਰੀਖ਼ ਨੂੰ ਹੋਈ ਵੋਟਿੰਗ ਨੂੰ ਕਾਂਗਰਸ ਵੱਲੋਂ ਪ੍ਰਭਾਵਿਤ ਕੀਤੇ ਜਾਣ ਦੇ ਦੋਸ਼ਾਂ ਤੋਂ ਬਾਅਦ ਅੱਜ ਮੁੜ ਤੋਂ ਵੋਟਿੰਗ ਹੋਈ, ਪਰ ਅੱਜ ਵੀ ਕਾਂਗਰਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਲੱਗੇ। ਮੁੜ ਤੋਂ ਹੋਈ ਵੋਟਿੰਗ ਵਿੱਚ ਲੁਧਿਆਣਾ ਦੇ ਵਾਰਡ ਨੰਬਰ 44 ਦੇ ਬੂਥ ਨੰਬਰ ਨੰਬਰ ਦੋ 'ਤੇ 72.43% ਤੇ ਬੂਥ ਨੰਬਰ ਤਿੰਨ 'ਤੇ 65.69% ਵੋਟਾਂ ਪਈਆਂ। ਮੁੜ ਤੋਂ ਹੋਈ ਪੋਲਿੰਗ ਦੌਰਾਨ ਕੁੱਲ 68.41% ਵੋਟਿੰਗ ਰਹੀ। ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਨਗਰ ਨਿਗਮ ਚੋਣ ਰੱਦ ਕਰ ਕੇ ਦੁਬਾਰਾ ਕਰਵਾਉਣ ਦੀ ਮੰਗ ਕੀਤੀ। ਵਾਰਡ ਨੰਬਰ 44 ਤੋਂ ਆਜ਼ਾਦ ਉਮੀਦਵਾਰ ਚਰਨਜੀਤ ਸਿੰਘ ਨੇ ਕਾਂਗਰਸ 'ਤੇ ਗੁੰਡਾਗਰਦੀ ਦੇ ਇਲਜ਼ਾਮ ਲਾਏ ਸਨ। ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬੋਰਡ ਜ਼ਬਰਦਸਤੀ ਹਟਾਏ ਜਾ ਰਹੇ ਹਨ। ਜਦੋਂ ਅਜਿਹਾ ਕਰਨ ਵਾਲਿਆਂ ਤੋਂ ਉਨ੍ਹਾਂ ਚੋਣ ਕਮਿਸ਼ਨ ਦੇ ਹੁਕਮਾਂ ਦੀ ਕਾਪੀ ਮੰਗੀ ਤਾਂ ਉਹ ਟਾਲ਼-ਮਟੋਲ ਕਰਨ ਲੱਗੇ। ਚਰਨਜੀਤ ਸਿੰਘ ਨੇ ਇਲਜ਼ਾਮ ਲਾਇਆ ਕਿ ਸੱਤਾਧਾਰੀ ਪਾਰਟੀ ਨੇ ਉਨ੍ਹਾਂ ਨਾਲ ਧੱਕਾਮੁੱਕੀ ਕਰ ਕੇ ਪੋਲਿੰਗ ਬੂਥ ਅੰਦਰੋਂ ਬਾਹਰ ਕੱਢ ਦਿੱਤਾ। ਇਸ ਬਾਰੇ ਏ.ਡੀ.ਸੀ.ਪੀ. ਸੰਦੀਪ ਸ਼ਰਮਾ ਦਾ ਕਹਿਣਾ ਹੈ ਕਿ ਕੋਈ ਗੁੰਡਾਗਰਦੀ ਨਹੀਂ ਹੋਈ ਹੈ, ਸਿਰਫ ਉਮੀਦਵਾਰ ਨੂੰ ਬੂਥ ਅੰਦਰ ਰੁਕਣ ਤੋਂ ਮਨ੍ਹਾ ਕੀਤਾ ਗਿਆ ਹੈ।