ਨਵੀਂ ਦਿੱਲੀ: ਓਰੀਐਂਟਲ ਬੈਂਕ ਆਫ਼ ਕਾਮਰਸ (ਓਬੀਸੀ) ਵਿੱਚ ਕਰੀਬ 200 ਕਰੋੜ ਦੇ ਘਪਲੇ ਦਾ ਪਤਾ ਲੱਗਾ ਹੈ। ਇਸ ਘੁਟਾਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਮਾਨ ਦਾ ਨਾਮ ਵੀ ਸ਼ਾਮਲ ਹੈ। ਗੁਰਪਾਲ ਸਿੰਘ ਮਾਨ ਸਿੰਭਾਵਲੀ ਸ਼ੂਗਰ ਮਿੱਲ ਲਿਮਟਿਡ ਦੇ ਡਿਪਟੀ ਐਮਡੀ ਹਨ।
ਮਾਨ ਤੋਂ ਇਲਾਵਾ ਸੀਬੀਆਈ ਨੇ ਮਿੱਲ ਦੇ ਚੇਅਰਮੈਨ ਗੁਰਮੀਤ ਸਿੰਘ ਤੇ ਸੀਈਓ ਜੀਐਸਟੀ ਰਾਵ ਸਮੇਤ ਕਰੀਬ 10 ਵਿਅਕਤੀਆਂ ਉੱਤੇ ਮਾਮਲਾ ਦਰਜ ਕੀਤਾ ਹੈ। ਇਹ ਧੋਖਾਧੜੀ ਓਬੀਸੀ ਦੀ ਮੇਰਠ ਬਰਾਂਚ ਵਿੱਚ 2011 ਵਿੱਚ ਤੇ ਫਿਰ 2015 ਵਿੱਚ ਕੀਤੀ ਗਈ। ਸੀਬੀਆਈ ਨੇ ਦਿੱਲੀ ਤੇ ਯੂਪੀ ਵਿੱਚ ਕਈ ਜਗ੍ਹਾ ਉੱਤੇ ਛਾਪੇਮਾਰੀ ਕੀਤੀ।
ਸਿੰਭਾਵਲੀ ਸ਼ੂਗਰ ਮਿੱਲ ਦੇਸ਼ ਦੀਆਂ ਸਭ ਤੋਂ ਵੱਡੀਆਂ ਸ਼ੂਗਰ ਕੰਪਨੀਆਂ ਵਿੱਚੋਂ ਹੈ। ਇਹ ਬੀਐਸਈ ਵਿੱਚ ਲਿਸਟਿਡ ਹੈ। ਇਸ ਦਾ ਮਾਰਕੀਟ ਕੈਪ ਸਿਰਫ਼ 63 ਕਰੋੜ ਰੁਪਏ ਹੈ। ਬੈਂਕ ਦੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸਿੰਭਾਵਲੀ ਸ਼ੂਗਰ ਨੇ 2011 ਵਿੱਚ 148.59 ਕਰੋੜ ਰੁਪਏ ਦਾ ਕਰਜ਼ ਲਿਆ ਸੀ। ਇਹ ਗੰਨਾ ਕਿਸਾਨਾਂ ਲਈ ਲਿਆਂਦੀ ਗਈ ਯੋਜਨਾ ਤਹਿਤ ਮਨਜ਼ੂਰ ਕੀਤਾ ਗਿਆ ਸੀ। ਇਹ ਰਕਮ 5,762 ਗੰਨਾ ਕਿਸਾਨਾਂ ਨੂੰ ਵਿੱਤੀ ਮਦਦ ਦੇ ਰੂਪ ਵਿੱਚ ਵੰਡੀ ਜਾਣੀ ਸੀ ਪਰ ਕੰਪਨੀ ਨੇ ਇਸ ਨੂੰ ਖ਼ੁਦ ਖ਼ਰਚ ਕਰ ਲਿਆ।
ਇਹ ਕਰਜ਼ 31 ਮਾਰਚ 2015 ਨੂੰ ਫਸੇ ਕਰਜ਼ (ਐਨਪੀਏ) ਵਿੱਚ ਤਬਦੀਲ ਹੋ ਗਿਆ। ਬੈਂਕ ਨੇ 97.85 ਕਰੋੜ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲਗਾਉਂਦੇ ਹੋਏ ਉਸੇ ਸਾਲ 13 ਮਈ ਨੂੰ ਰਿਜ਼ਰਵ ਬੈਂਕ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਓਬੀਸੀ ਨੇ ਪੁਰਾਣਾ ਕਰਜ਼ ਚੁਕਾਉਣ ਲਈ ਕੰਪਨੀ ਨੂੰ ਜਨਵਰੀ 2015 ਵਿੱਚ 110 ਕਰੋੜ ਦਾ ਕਰਜ਼ ਦਿੱਤਾ ਗਿਆ ਸੀ ਪਰ ਨਵੰਬਰ 2016 ਵਿੱਚ ਇਹ ਵੀ ਐਨਪੀਏ ਵਿੱਚ ਚਲਾ ਗਿਆ। ਬੈਂਕ ਨੇ 17 ਨਵੰਬਰ 2017 ਨੂੰ ਸੀਬੀਆਈ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਜਾਂਚ ਏਜੰਸੀ ਨੇ 22 ਫਰਵਰੀ ਨੂੰ ਕੇਸ ਦਰਜ ਕੀਤਾ ਹੈ।