ਸਕਾਟਲੈਂਡ: ਪਤੰਗ ਉਡਾਉਂਦੇ ਸਮੇਂ ਸ਼ਾਇਦ ਹੀ ਤੁਸੀਂ ਕਦੇ ਸੋਚਿਆ ਹੋਵੇ ਕਿ ਇਹ ਊਰਜਾ ਸੰਕਟ ਨੂੰ ਹੱਲ ਕਰਨ ਦਾ ਲਾਹੇਵੰਦ ਤਰੀਕਾ ਹੋ ਸਕਦਾ ਹੈ ਪਰ ਸਕਾਟਲੈਂਡ ਨੇ ਇਸ ਪਤੰਗ ਦੇ ਸ਼ੌਂਕ ਤੋਂ ਬਿਜਲੀ ਪੈਦਾ ਕਰਨ ਦਾ ਅਨੋਖਾ ਤਰੀਕਾ ਖੋਜ ਕੇ ਦੁਨੀਆ ਨੂੰ ਨਵੀਂ ਰਾਹ ਦਿਖਾਈ ਹੈ। ਸਕਾਟਲੈਂਡ ਦੇ ਸਟ੍ਰੇਨਰੀਅਰ ਇਲਾਕੇ ਵਿਚ ਦੁਨੀਆ ਦਾ ਪਹਿਲਾ ਅਜਿਹਾ ਪਾਵਰ ਪਲਾਂਟ ਸਥਾਪਤ ਕੀਤਾ ਗਿਆ ਹੈ ਜੋ ਪਤੰਗ ਤੋਂ ਮਿਲਣ ਵਾਲੀ ਊਰਜਾ ਨਾਲ ਬਿਜਲੀ ਬਣਾਏਗਾ। ਇਸ ਪਲਾਂਟ ਦਾ ਟੀਚਾ 500 ਕਿਲੋਵਾਟ ਬਿਜਲੀ ਬਣਾਉਣ ਦਾ ਹੈ ਹਾਲਾਂਕਿ ਇਸ ਲਈ ਸਰਕਾਰ ਦੀ ਮਨਜ਼ੂਰੀ ਲੈਣਾ ਅਜੇ ਬਾਕੀ ਹੈ। ਊਰਜਾ ਸੰਕਟ ਨਾਲ ਜੂਝ ਰਹੀ ਇਸ ਪੂਰੀ ਦੁਨੀਆ ਲਈ ਇਹ ਖੋਜ ਇਕ ਵੱਡਾ ਹੱਲ ਸਾਬਤ ਹੋ ਸਕਦੀ ਹੈ। 20 ਹਜ਼ਾਰ ਫੁੱਟ ਦੀ ਉਚਾਈ ਤੇ ਉੱਡਦੀ ਹੋਈ ਪਤੰਗ ਤੋਂ ਮਿਲਣ ਵਾਲੀ ਊਰਜਾ ਪੌਣ ਊਰਜਾ ਹੀ ਹੈ। ਇਸ ਵਿਚ ਪਤੰਗ ਵਿਚ ਲੱਗੀ ਛੋਟੀ ਜਿਹੀ ਟਰਬਾਈਨ ਇਸ ਨੂੰ ਬਿਜਲੀ ਵਿਚ ਤਬਦੀਲ ਕਰ ਦਿੰਦੀ ਹੈ।
ਦੁਨੀਆ ਦੇ ਕਈ ਹਿੱਸਿਆਂ ਵਿਚ ਲੋਕ ਪਤੰਗ ਉਡਾਉਂਦੇ ਹਨ ਪਰ ਇਸ ਦੇ ਪਿੱਛੇ ਲੁਕੀ ਹੋਈ ਨਵੀਨ ਊਰਜਾ ਹੁਣ ਲੋਕਾਂ ਦੇ ਕੰਮ ਆ ਸਕੇਗੀ। ਇਸ ਨਾਲ ਬਿਜਲੀ ਦੀਆਂ ਕੀਮਤਾਂ ਵਿਚ ਕਟੌਤੀ ਹੋ ਸਕੇਗੀ ਅਤੇ ਵਧਦੀਆਂ ਹੋਈਆਂ ਊਰਜਾ ਲੋੜਾਂ ਨੂੰ ਪੂਰਾ ਕੀਤਾ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਵੀ ਗ੍ਰੀਨ ਊਰਜਾ ਦੇ ਉਤਪਾਦਨ ਲਈ ਕਾਰਜਸ਼ੀਲ ਹਨ ਅਤੇ ਹੁਣ ਤੱਕ ਇਸ ਖੇਤਰ ਵਿਚ ਇਕ ਬਿਲੀਅਨ ਡਾਲਰ ਦਾ ਨਿਵੇਸ਼ ਕਰ ਚੁੱਕੇ ਹਨ। ਬਿਲ ਗੇਟਸ ਨੂੰ 10 ਫੀਸਦੀ ਉਮੀਦ ਹੈ ਕਿ ਪਤੰਗ ਦੁਨੀਆ ਨੂੰ ਊਰਜਾ ਸੰਕਟ ਤੋਂ ਬਚਾ ਸਕਦੀ ਹੈ। ਪਤੰਗ ਊਰਜਾ ਦੇ ਖੇਤਰ ਵਿਚ ਵਧਦੀਆਂ ਉਮੀਦਾਂ ਨੂੰ ਦੇਖਦੇ ਹੋਏ ਹੁਣ ਕਈ ਕੰਪਨੀਆਂ ਇਸ ਖੇਤਰ ਵਿਚ ਨਿਵੇਸ਼ ਕਰ ਰਹੀਆਂ ਹਨ।