ਕੋਲਕਾਤਾ: ਕਲਕੱਤਾ ਹਾਈਕੋਰਟ ਨੇ ਇੱਕ ਵਿਅਕਤੀ ਵੱਲੋਂ ਆਪਣੇ ਮ੍ਰਿਤਕ ਪੁੱਤਰ ਦਾ ਸੰਭਾਲ ਕੇ ਰੱਖਿਆ ਵੀਰਜ ਲੈਣ ਦੇ ਅਧਿਕਾਰ ਦੀ ਮੰਗ ਕਰਨ ਵਾਲੀ ਪਟੀਸ਼ਨ ਉੱਤੇ ਸੁਣਵਾਈ ਕਰਨ ਤੋਂ ਇਹ ਆਖਦਿਆਂ ਇਨਕਾਰ ਕਰ ਦਿੱਤਾ ਹੈ ਕਿ ਉਹ ਵੀਰਜ ਲੈਣ ਦਾ ਹੱਕ ਸਿਰਫ਼ ਮ੍ਰਿਤਕ ਦੀ ਪਤਨੀ ਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇੱਕ ਪਿਤਾ ਨੇ ਆਪਣੇ ਵਿਆਹੁਤਾ ਪੁੱਤਰ ਦਾ ਸੰਭਾਲ ਕੇ ਰੱਖਿਆ ਵੀਰਜ ਲੈਣ ਦੀ ਮੰਗ ਕੀਤੀ ਸੀ, ਜਿਸ ਨੂੰ ਹੁਣ ਅਦਾਲਤ ਨੇ ਰੱਦ ਕਰ ਦਿੱਤਾ ਹੈ। ਮ੍ਰਿਤਕ ਨੂੰ ਥੈਲੇਸੀਮੀਆ ਸੀ ਤੇ ਉਹ ਵਿਆਹੁਤਾ ਸੀ; ਇਸ ਲਈ ਅਦਾਲਤ ਦਾ ਕਹਿਣਾ ਹੈ ਕਿ ਉਸ ਉੱਤੇ ਸਿਰਫ਼ ਉਸ ਦੀ ਪਤਨੀ ਦਾ ਹੀ ਹੱਕ ਹੈ।

ਜਸਟਿਸ ਸਬੇਸਾਚੀ ਭੱਟਾਚਾਰੀਆ ਨੇ 19 ਜਨਵਰੀ ਨੂੰ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਪਟੀਸ਼ਨਰ ਕੋਲ ਆਪਣੇ ਪੁੱਤਰ ਦੇ ਸੰਭਾਲ ਕੇ ਰੱਖੇ ਵੀਰਜ ਨੂੰ ਸਿਰਫ਼ ਇਸ ਆਧਾਰ ਉੱਤੇ ਹਾਸਲ ਕਰਨ ਦਾ ਕੋਈ ਮੌਲਿਕ ਅਧਿਕਾਰ ਨਹੀਂ ਕਿਉਂਕਿ ਮ੍ਰਿਤਕ ਨਾਲ ਉਸ ਦਾ ਪਿਤਾ-ਪੁੱਤਰ ਦਾ ਸਬੰਧ ਹੈ। ਪਟੀਸ਼ਨਰ ਦੇ ਵਕੀਲ ਨੇ ਕਿਹਾ ਸੀ ਕਿ ਉਸ ਦੇ ਮੁਵੱਕਿਲ ਦੇ ਪੁੱਤਰ ਦੀ ਵਿਧਵਾ ਨੂੰ ਇਸ ਮਾਮਲੇ ਵਿੱਚ ‘ਇਤਰਾਜ਼ਹੀਣਤਾ ਦਾ ਪੱਤਰ’ ਦੇਣ ਲਈ ਹਦਾਇਤ ਕਰਨੀ ਚਾਹੀਦੀ ਹੈ ਜਾਂ ਘੱਟੋ-ਘੱਟ ਉਸ ਦੀ ਬੇਨਤੀ ਦਾ ਜਵਾਬ ਦੇਣਾ ਚਾਹੀਦਾ ਹੈ।

ਅਦਾਲਤ ਨੇ ਕਿਹਾ ਕਿ ਦਿੱਲੀ ਦੇ ਇੱਕ ਹਸਪਤਾਲ ’ਚ ਰੱਖੇ ਮ੍ਰਿਤਕ ਦੇ ਵੀਰਜ ਉੱਤੇ ਸਿਰਫ਼ ਉਸ ਦੀ ਵਿਧਵਾ ਦਾ ਹੀ ਹੱਕ ਹੈ। ਦਰਅਸਲ, ਪਿਤਾ ਨੇ ਵੀਰਜ ਲੈਣ ਲਈ ਹਸਪਤਾਲ ਨਾਲ ਸੰਪਰਕ ਕੀਤਾ ਸੀ ਪਰ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਇਸ ਲਈ ਮ੍ਰਿਤਕ ਦੀ ਪਤਨੀ ਦੀ ਚਿੱਠੀ ਲਿਆਉਣੀ ਹੋਵੇਗੀ।