ਔਰੰਗਾਬਾਦ: ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਇੱਕ ਵਿਅਕਤੀ ਨੇ ਪ੍ਰਮੁੱਖ ਆਨਲਾਈਨ ਵਿਕਰੇਤਾ ਕੰਪਨੀ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ। ਸ਼ਿਕਾਇਤ ਵਿੱਚ ਇਹ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਮੋਬਾਈਲ ਫੋਨ ਦਾ ਆਰਡਰ ਦਿੱਤਾ ਸੀ ਪਰ ਉਸ ਨੂੰ ਭੇਜੇ ਗਏ ਪੈਕੇਟ ਵਿੱਚ ਕਥਿਤ ਤੌਰ 'ਤੇ ਇੱਟ ਮਿਲੀ ਹੈ। ਇਹ ਜਾਣਕਾਰੀ ਪੁਲਿਸ ਨੇ ਬੁੱਧਵਾਰ ਨੂੰ ਦਿੱਤੀ ਸੀ। ਹਰਸੂਲ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਮਨੀਸ਼ ਕਲਿਆਣਕਰ ਨੇ ਦੱਸਿਆ ਕਿ ਹੁਡਕੋ ਖੇਤਰ ਦੇ ਨਿਵਾਸੀ ਗਜਾਨਨ ਖਰਾਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ 9 ਅਕਤੂਬਰ ਨੂੰ ਸ਼ਾਪਿੰਗ ਸਾਈਟ ਤੋਂ ਮੋਬਾਈਲ ਫੋਨ ਖਰੀਦਿਆ ਸੀ। ਇਸ ਲਈ ਉਸ ਨੇ 9,134 ਰੁਪਏ ਦਾ ਭੁਗਤਾਨ ਕੀਤਾ ਸੀ। ਇਸ ਤੋਂ ਬਾਅਦ, ਈ-ਕਾਮਰਸ ਕੰਪਨੀ ਤੋਂ ਖਰਾਤ ਨੂੰ ਸੁਨੇਹਾ ਮਿਲਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਦਾ ਮੋਬਾਈਲ ਫੋਨ ਹਫਤੇ ਦੇ ਅੰਦਰ ਆ ਜਾਵੇਗਾ। ਖਰਾਤ ਨੂੰ ਪਿਛਲੇ ਐਤਵਾਰ ਇੱਕ ਪੈਕੇਟ ਮਿਲਿਆ ਪਰ ਜਦੋਂ ਉਸ ਨੇ ਪੈਕੇਟ ਖੋਲ੍ਹਿਆ ਤਾਂ ਉਸ ਨੂੰ ਕਥਿਤ ਤੌਰ 'ਤੇ ਪੈਕੇਟ ਅੰਦਰੋਂ ਮੋਬਾਈਲ ਫੋਨ ਦੀ ਜਗ੍ਹਾ ਇੱਟ ਦਾ ਟੁਕੜਾ ਮਿਲਿਆ। ਇਸ ਤੋਂ ਬਾਅਦ ਉਸ ਨੇ ਕੁਰੀਅਰ ਵਾਲੇ ਨੂੰ ਬੁਲਾਇਆ। ਕੁਰੀਅਰ ਵਾਲੇ ਨੇ ਉਸ ਨੂੰ ਦੱਸਿਆ ਕਿ ਉਸ ਦੀ ਜ਼ਿੰਮੇਵਾਰੀ ਸਿਰਫ਼ ਪਾਰਸਲ ਦੇਣ ਦੀ ਹੈ, ਉਹ ਨਹੀਂ ਵੇਖਦਾ ਕਿ ਪਾਰਸਲ ਅੰਦਰ ਕੀ ਹੈ। ਇਸ ਪਿੱਛੋਂ ਖਰਾਤ ਨੇ ਮੰਗਲਵਾਰ ਨੂੰ ਹਰਸੁਲ ਥਾਣੇ ਵਿੱਚ ਈ-ਕਾਮਰਸ ਕੰਪਨੀ ਖਿਲਾਫ ਸ਼ਿਕਾਇਤ ਦਰਜ ਕਰਵਾਈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਧੋਖਾਧੜੀ ਨਾਲ ਸਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।