ਚੇਨਈ: ਸੈਲਫੀ ਦੇ ਪੁਆੜੇ ਕਾਰਨ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਪ੍ਰੇਮੀ ਨੇ ਆਪਣੀ ਵਿਦੇਸ਼ੀ ਪ੍ਰੇਮਿਕਾ ਨਾਲ ਸੈਲਫੀ ਨੂੰ ਫ਼ੋਨ ਵਿੱਚੋਂ ਮਿਟਾਉਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਸ ਨੇ ਗੁੰਡੇ ਘੱਲ ਦਿੱਤੇ। ਗੁੰਡਿਆਂ ਨੇ ਨੌਜਵਾਨ ਨੂੰ ਅਗਵਾ ਕੀਤਾ ਤੇ ਉਸ ਨੂੰ ਲੁੱਟ ਵੀ ਲਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਮਾਮਲਾ ਸੈਲਫੀ ਤੋਂ ਵਿਗੜਿਆ, ਜਿਸ ਨੂੰ ਨਵੀਨ ਅਹਮਿਦ ਨਾਂ ਦੇ ਨੌਜਵਾਨ ਨੇ ਆਪਣੇ ਫ਼ੋਨ ਵਿੱਚੋਂ ਮਿਟਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਨਵੀਨ ਦੇ ਸਬੰਧ ਅਮਰੀਕਾ ਦੀ ਰਹਿਣ ਵਾਲੀ ਮੁਟਿਆਰ ਨਾਲ ਸਨ, ਜੋ ਪਿਛਲੇ ਦਿਨੀਂ ਉਸ ਨੂੰ ਮਿਲਣ ਲਈ ਭਾਰਤ ਆਈ। ਦੋਵੇਂ ਜਣੇ ਸ਼ਹਿਰ ਦੇ ਅੰਨਾ ਨਗਰ ਇਲਾਕੇ ਦੇ ਹੋਟਲ ਵਿੱਚ ਰੁਕੇ, ਜਿੱਥੇ ਇਹ ਸੈਲਫ਼ੀ ਖਿੱਚੀ ਗਈ।

ਇਸ ਸੈਲਫੀ ਤੋਂ ਦੋਵਾਂ ਦਾ ਝਗੜਾ ਹੋ ਗਿਆ ਤੇ ਪੀੜਤ ਨੇ ਆਪਣੀ ਦੋਸਤ ਦੇ ਸਿਰ 'ਤੇ ਹੈਲਮੇਟ ਵੀ ਮਾਰਿਆ ਸੀ। ਇਸ ਤੋਂ ਬਾਅਦ ਉਹ ਚਲੀ ਗਈ ਅਤੇ ਕਾਫੀ ਦਿਨਾਂ ਬਾਅਦ ਚਾਰ ਲੋਕਾਂ ਨੇ ਘਰ ਵਾਪਸ ਜਾ ਰਹੇ ਨੂੰ ਜ਼ਬਦਸਤੀ ਆਪਣੇ ਨਾਲ ਬਿਠਾ ਲਿਆ। ਬਦਮਾਸ਼ਾਂ ਨੇ ਉਸ ਤੋਂ ਉਸ ਦਾ ਆਈਪੈਡ, ਫੋਨ ਤੇ ਹੋਰ ਕੀਮਤੀ ਸਮਾਨ ਖੋਹ ਲਿਆ ਤੇ ਸੱਟ ਮਾਰ ਕੇ ਬੇਹੋਸ਼ ਕਰ ਦਿੱਤਾ। ਅਗਲੀ ਸਵੇਰ ਉਸ ਨੇ ਹੋਸ਼ ਆਉਣ 'ਤੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਤੇ ਸਾਰਾ ਮਾਮਲਾ ਪੁਲਿਸ ਨੂੰ ਦੱਸਿਆ।

ਪੁਲਿਸ ਨੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਨਵੀਨ ਨੇ ਦੋਸ਼ ਲਾਇਆ ਕਿ ਉਸ ਦੀ ਪ੍ਰੇਮਿਕਾ ਨੇ ਸੋਸ਼ਲ ਮੀਡੀਆ ਰਾਹੀਂ ਇਸ ਗੈਂਗ ਤਕ ਪਹੁੰਚ ਕੀਤੀ ਤੇ ਉਸ 'ਤੇ ਹਮਲਾ ਕਰਵਾਇਆ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।