ਚੰਡੀਗੜ੍ਹ: ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੂੰ ਵੱਡੇ ਬਾਲੀਵੁੱਡ ਸਿਤਾਰੇ ਸੰਨੀ ਦਿਓਲ ਦੀ ਵਧਦੀ ਪ੍ਰਸਿੱਧੀ ਦੇ ਬਰਾਬਰ ਪਹੁੰਚਾਉਣ ਲਈ ਕੈਪਟਨ ਨੇ ਵੱਡਾ ਬਿਆਨ ਦਿੱਤਾ, ਜੋ ਇਸ ਦੇ ਨਾਲ-ਨਾਲ ਹੋਰ ਵੀ ਕਈ ਥਾਂ ਅਸਰ ਕਰ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਾਖੜ ਇੱਕ ਦਿਨ ਪੰਜਾਬ ਦੇ ਮੁੱਖ ਮੰਤਰੀ ਬਣਨਗੇ।

ਕੈਪਟਨ ਦਾ ਇਹ ਬਿਆਨ ਨਾ ਸਿਰਫ ਸੰਨੀ ਦਿਓਲ ਦੇ ਵਿਰੋਧੀ ਉਮੀਦਵਾਰਾਂ ਦੇ ਖੰਭ ਕੁਰਤਨ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ, ਬਲਕਿ ਕੈਪਟਨ ਇੱਕ ਤੀਰ ਨਾਲ ਕਈ ਨਿਸ਼ਾਨੇ ਲਾ ਗਏ ਹਨ। ਦਰਅਸਲ, ਕੈਪਟਨ ਨੇ ਆਪਣੇ ਇਸ ਤੀਰ ਨਾਲ ਪਾਰਟੀ ਵਿੱਚ ਹੀ ਉਨ੍ਹਾਂ ਦੇ ਵਿਰੋਧੀਆਂ ਦੇ ਸੁਫ਼ਨੇ ਵੀ ਚੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਵਿੱਚ ਆਪਣੇ ਵਿਰੋਧੀ ਤੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਨੇ ਘੁਰਕੀ ਵੀ ਦੇ ਦਿੱਤੀ ਹੈ, ਕਿਉਂਕਿ ਉਹ ਰਾਹੁਲ ਗਾਂਧੀ ਨੂੰ ਆਪਣਾ 'ਕੈਪਟਨ' ਮੰਨਦੇ ਹਨ।

ਪਠਾਨਕੋਟ ਦੇ ਭੋਆ ਵਿੱਚ ਸੁਨੀਲ ਜਾਖੜ ਨੂੰ ਪੰਜਾਬ ਦਾ ਹੋਣ ਵਾਲਾ ਮੁੱਖ ਮੰਤਰੀ ਐਲਾਨਣ ਵਾਲੇ ਮੁੱਖ ਮੰਤਰੀ ਨੇ ਰੈਲੀ ਵਿੱਚ ਮੌਜੂਦ ਆਪਣੇ ਮੰਤਰੀਆਂ ਨੂੰ ਇਸ਼ਾਰਿਆਂ ਵਿੱਚ ਤਾਕੀਦ ਕਰ ਦਿੱਤੀ ਕਿ ਉਹ ਆਪਣੇ ਨਵੇਂ 'ਕੈਪਟਨ' ਨੂੰ ਪਛਾਣ ਲੈਣ। ਕੈਪਟਨ ਅਮਰਿੰਦਰ ਸਿੰਘ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੀ ਐਲਾਨ ਕਰ ਚੁੱਕੇ ਸਨ ਕਿ ਇਹ ਉਨ੍ਹਾਂ ਦੀ ਆਖ਼ਰੀ ਚੋਣ ਹੋਵੇਗੀ। ਕੈਪਟਨ ਦਾ ਇਹ ਬਿਆਨ ਕਾਂਗਰਸ ਵਿੱਚ ਕੀ ਉਥਲ-ਪੁਥਲ ਮਚਾਉਂਦਾ ਹੈ, ਇਹ ਦੇਖਣਾ ਹੋਵੇਗਾ।