ਇਸਲਾਮਾਬਾਦ : ਪਾਕਿਸਤਾਨ ਵਿਚ ਇੱਕ ਬਿੱਲੀ ਦੀ ਮਾਲਕ ਨੇ ਬਿੱਲੀ ਦੇ ਇਲਾਜ ਦੌਰਾਨ ਅਣਗਹਿਲੀ ਕਾਰਨ ਉਸ ਦੀ ਹੋਈ ਮੌਤ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਇੱਕ ਵੈਟਰਨਰੀ ਕਲੀਨਿਕ 'ਤੇ ਢਾਈ ਕਰੋੜ ਰੁਪਏ ਦੇ ਦਾਅਵੇ ਦਾ ਕੇਸ ਕੀਤਾ ਹੈ।
ਮੀਡੀਆ ਰਿਪੋਰਟ ਅਨੁਸਾਰ ਮਿਸਮਾਹ ਸੁੰਦੁਸ ਨੇ ਡਾਨ ਅਖ਼ਬਾਰ ਨੂੰ ਦੱਸਿਆ ਕਿ ਉਹ ਆਪਣੀ ਦੋ ਮਹੀਨੇ ਦੀ ਬਿੱਲੀ ਨੂੰ ਚੈੱਕਅਪ ਲਈ ਇਸਲਾਮਾਬਾਦ ਦੇ ਸੈਕਟਰ ਐਫ-7 ਸਥਿਤ ਫੈਸਲ ਖ਼ਾਨ ਕਲੀਨਿਕ ਵਿਚ ਲੈ ਕੇ ਗਈ ਸੀ। ਸੁੰਦੁਸ ਨੇ ਦੱਸਿਆ ਕਿ ਉਸ ਨੂੰ ਕਿਹਾ ਗਿਆ ਕਿ ਉਹ ਬਾਅਦ ਵਿਚ ਆ ਕੇ ਆਪਣੀ ਬਿੱਲੀ ਨੂੰ ਲੈ ਜਾਵੇ।
ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਬਿੱਲੀ ਨੂੰ ਲੈ ਕੇ ਘਰ ਆਈ ਤਾਂ ਉਹ ਬਿਮਾਰ ਹੋ ਗਈ। ਉਹ ਉਸ ਨੂੰ ਇੱਕ ਹੋਰ ਡਾਕਟਰ ਕਲੀਨਿਕ ਵਿਚ ਲੈ ਕੇ ਗਈ ਜਿੱਥੇ ਬਿੱਲੀ ਦੀ ਮੌਤ ਹੋ ਗਈ। ਉਸ ਕਲੀਨਿਕ ਦੇ ਡਾਕਟਰ ਨੇ ਦੱਸਿਆ ਕਿ ਬਿੱਲੀ ਦੀ ਮੌਤ ਘੱਟ ਤਾਪਮਾਨ ਵਿਚ ਰੱਖਣ ਜੋ ਕਿ ਜਾਨਵਰਾਂ ਲਈ ਠੀਕ ਨਹੀਂ ਹੁੰਦਾ, ਕਾਰਨ ਹੋਈ ਹੈ।
ਬਿੱਲੀ ਦੀ ਪੋਸਟਮਾਰਟਮ ਰਿਪੋਰਟ ਵੀ ਸਥਾਨਕ ਅਦਾਲਤ ਵਿਚ ਪੇਸ਼ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਫੈਸਲ ਖ਼ਾਨ ਤੇ ਉਸ ਦੇ ਸਟਾਫ਼ ਨੇ ਬਿੱਲੀ ਦੇ ਇਲਾਜ ਵਿਚ ਅਣਗਹਿਲੀ ਵਰਤੀ ਹੈ।