ਨਵੀਂ ਦਿੱਲੀ: ਆਰ.ਬੀ.ਆਈ. ਵੱਲੋਂ ਜਾਰੀ ਕੀਤੇ ਗਏ ਨਵੇਂ 500 ਦੇ ਨੋਟ ਨੂੰ ਲੈ ਕੇ ਲੋਕਾਂ 'ਚ ਕਈ ਤਰ੍ਹਾਂ ਦੇ ਭਰਮ ਪੈਦਾ ਹੋ ਰਹੇ ਹਨ। ਦਰਅਸਲ ਇਹ ਨੋਟ ਦੋ ਤਰ੍ਹਾਂ ਦੇ ਛਪੇ ਹੋਏ ਹਨ। ਅਜਿਹੇ 'ਚ ਕੋਈ ਕਹਿ ਰਿਹਾ ਹੈ ਕਿ ਇੱਕ ਨੋਟ ਨਕਲੀ ਹੈ ਤੇ ਕੋਈ ਕਹਿ ਰਿਹਾ ਹੈ ਕਿ ਨੋਟ ਦੀ ਛਪਾਈ ਗਲਤ ਹੋਈ ਹੈ। ਤੁਹਾਨੂੰ ਇਸ ਪੂਰੇ ਮਾਮਲੇ ਦੀ ਸੱਚਾਈ ਦੱਸਦੇ ਹਾਂ।



ਇੱਕ ਅੰਗਰੇਜ਼ੀ ਅਖਬਾਰ ਮੁਤਾਬਕ, "500 ਦੇ ਨਵੇਂ ਨੋਟ ਨੂੰ ਲੈ ਕੇ ਤਿੰਨ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 500 ਰੁਪਏ ਦੇ ਨਵੇਂ ਨੋਟ ਇੱਕ-ਦੂਜੇ ਤੋਂ ਵੱਖ ਹਨ। ਇੱਕ ਨੋਟ 'ਚ ਗਾਂਧੀ ਦੇ ਸਿਰ ਦੇ ਪਿੱਛੇ ਤੇ ਚਿਹਰੇ ਅੱਗੇ ਜ਼ਿਆਦਾ ਪਰਛਾਵਾਂ ਨਜ਼ਰ ਆ ਰਿਹਾ ਹੈ ਤੇ ਦੂਸਰੇ ਨੋਟ 'ਤੇ ਘੱਟ। ਇਸ ਤੋਂ ਇਲਾਵਾ ਰਾਸ਼ਟਰੀ ਚਿੰਨ੍ਹ ਦੇ ਅਲਾਈਨਮੈਂਟ ਤੇ ਸੀਰੀਅਲ ਨੰਬਰਾਂ 'ਚ ਵੀ ਗੜਬੜ ਦੇਖੀ ਗਈ ਹੈ।"



ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ 'ਤੇ ਆਰ.ਬੀ.ਆਈ. ਨੇ ਸਥਿਤੀ ਸਾਫ ਕੀਤੀ ਹੈ। ਆਰ.ਬੀ.ਆਈ. ਮੁਤਾਬਕ, "ਅਜਿਹਾ ਲੱਗਦਾ ਹੈ ਕਿ ਜਲਦਬਾਜੀ ਦੇ ਚੱਲਦੇ ਕੁਝ ਅਜਿਹੇ ਨੋਟ ਵੀ ਜਾਰੀ ਹੋ ਗਏ ਹਨ, ਜਿਨ੍ਹਾਂ ਦੀ ਪ੍ਰਿੰਟਿੰਗ 'ਚ ਕੁਝ ਕਮੀਆਂ ਰਹਿ ਗਈਆਂ ਸਨ ਪਰ ਜਨਤਾ ਨੂੰ ਘਬਰਾਉਣ ਦੀ ਲੋੜ ਨਹੀਂ।



ਇਹ ਨੋਟ ਨਕਲੀ ਨਹੀਂ ਹਨ। ਇਨ੍ਹਾਂ ਨੋਟਾਂ ਨਾਲ ਵੀ ਤੁਸੀਂ ਕਿਸੇ ਤਰ੍ਹਾਂ ਦਾ ਵੀ ਲੈਣ-ਦੇਣ ਕਰ ਸਕਦੇ ਹੋ। ਇਸ ਦੇ ਨਾਲ ਹੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਫਿਰ ਵੀ ਕੋਈ ਸ਼ੱਕ ਹੈ ਤਾਂ ਤੁਸੀਂ ਆਰ.ਬੀ.ਆਈ. ਨੂੰ ਇਹ ਨੋਟ ਵਾਪਸ ਵੀ ਦੇ ਸਕਦੇ ਹੋ।"