ਟੋਕੀਓ: ਔਰਤਾਂ 'ਤੇ ਘਰੇਲੂ ਕੰਮ-ਕਾਜ ਦੇ ਬੋਝ ਪ੍ਰਤੀ ਮਰਦਾਂ ਨੂੰ ਜਾਗਰੂਕ ਕਰਨ ਲਈ ਜਾਪਾਨ 'ਚ ਇੱਕ ਅਨੋਖੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਦੇਸ਼ ਦੇ ਤਿੰਨ ਦੱਖਣੀ-ਪੱਛਮੀ ਸੂਬਿਆਂ ਦੇ ਗਵਰਨਰਾਂ ਨੇ ਖ਼ੁਦ ਗਰਭਵਤੀ ਬਣ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਸ਼ੁਰੂ ਕੀਤੀ ਗਈ 'ਗਰਭਵਤੀ ਗਵਰਨਰ' ਦੀ ਮੁਹਿੰਮ ਦਾ ਤਿੰਨ ਮਿੰਟ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ। ਇਸ ਵੀਡੀਓ 'ਚ ਤਿੰਨੋਂ ਗਵਰਨਰਾਂ ਨੇ ਇੱਕ ਅਜਿਹੀ ਜੈਕੇਟ ਪਹਿਨੀ ਹੈ, ਜਿਸ 'ਚ ਉਨ੍ਹਾਂ ਦਾ ਪੇਟ ਗਰਭਵਤੀ ਔਰਤਾਂ ਦੀ ਤਰ੍ਹਾਂ ਬਾਹਰ ਨਿਕਲਿਆ ਹੋਇਆ ਦਿੱਖ ਰਿਹਾ ਹੈ। ਸੱਤ ਕਿੱਲੋਗਰਾਮ ਵਜ਼ਨ ਦੀ ਇਹ ਜੈਕੇਟ ਕਿਸੇ ਔਰਤ ਦੇ ਸੱਤ ਮਹੀਨੇ ਦੇ ਗਰਭ ਨੂੰ ਦਰਸਾਉਂਦੀ ਹੈ। ਜੈਕੇਟ ਪਾ ਕੇ ਗਵਰਨਰਾਂ ਨੂੰ ਵੀਡੀਓ 'ਚ ਅਜੀਬ ਢੰਗ ਨਾਲ ਪੌੜੀਆਂ ਚੜ੍ਹਨਾ, ਘਰ ਦਾ ਕੰਮ ਕਰਨਾ, ਬੱਸ 'ਚ ਸੀਟ ਮਿਲਣ ਦਾ ਇੰਤਜ਼ਾਰ ਕਰਦੇ ਹੋਏ ਦਿਖਾਇਆ ਗਿਆ ਹੈ।
ਗਰਭਵਤੀ ਹੋਣ ਤੋਂ ਬਾਅਦ ਇੱਕ ਗਵਰਨਰ ਜੁਰਾਬ ਪਹਿਨਣ ਲਈ ਜੂਝਦੇ ਹੋਏ, ਦੋ ਹੋਰ ਸੁਕਾਉਣ ਲਈ ਕੱਪੜੇ ਟੰਗਦੇ ਸਮੇਂ ਪਸੀਨਾ ਪੂੰਝਦੇ ਹੋਏ ਦਿਖਾਈ ਦਿੰਦੇ ਹਨ। ਮਿਯਾਜਾਕੀ ਸੂਬੇ ਦੇ ਗਵਰਨਰ ਅਤੇ ਤਿੰਨ ਬੱਚਿਆਂ ਦੇ ਪਿਤਾ ਸ਼ੁੰਜੀ ਕੋਨੋ ਨੇ ਦੱਸਿਆ ਕਿ ਹੁਣ ਉਹ ਮਹਿਸੂਸ ਕਰ ਰਹੇ ਹਨ ਕਿ ਗਰਭ ਅਵਸਥਾ 'ਚ ਬੱਚਿਆਂ ਲਈ ਘਰ ਦਾ ਕੰਮ-ਕਾਜ ਕਰਨਾ ਕਿੰਨਾ ਔਖਾ ਹੁੰਦਾ ਹੈ। ਉਨ੍ਹਾਂ ਕਿਹਾ,''ਮੈਂ ਸੋਚਦਾ ਹਾਂ ਕਿ ਸਾਨੂੰ ਔਰਤਾਂ ਪ੍ਰਤੀ ਬਹੁਤ ਜ਼ਿਆਦਾ ਦਿਆਲਤਾ ਦਿਖਾਉਣੀ ਚਾਹੀਦੀ ਹੈ। ਇਹ ਮੁਹਿੰਮ ਪ੍ਰਧਾਨ ਮੰਤਰੀ ਸਿੰਜੋ ਐਬੀ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਨੂੰ ਨੌਕਰੀਆਂ 'ਚ ਸ਼ਾਮਲ ਕਰਨ 'ਤੇ ਜ਼ੋਰ ਦੇਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ। ਐਬੀ ਦੀ ਇਸ ਯੋਜਨਾ ਦਾ ਮਕਸਦ ਸਿਰਫ਼ ਘਰੇਲੂ ਕੰਮਕਾਜ ਤੱਕ ਸੀਮਤ ਉੱਚ ਸਿੱਖਿਅਕ ਔਰਤਾਂ ਦੀ ਪ੍ਰਤਿਭਾ ਦੀ ਵਰਤੋਂ ਕਰਨੀ ਹੈ।
ਜ਼ਿਕਰਯੋਗ ਹੈ ਕਿ ਜਾਪਾਨ ਦੇ ਘਰਾਂ 'ਚ ਜ਼ਿਆਦਾਤਰ ਕੰਮ ਔਰਤਾਂ ਹੀ ਕਰਦੀਆਂ ਹਨ। ਮਰਦ ਘਰੇਲੂ ਕੰਮ 'ਚ ਆਪਣੀਆਂ ਪਤਨੀਆਂ ਦੀ ਕੁੱਝ ਖ਼ਾਸ ਮਦਦ ਨਹੀਂ ਕਰਦੇ ਹਨ। 2014 'ਚ ਆਰਗੇਨਾਈਜ਼ੇਸ਼ਨ ਫ਼ਾਰ ਇਕਨਾਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਨੇ ਆਪਣੇ ਅਧਿਐਨ 'ਚ ਦੱਸਿਆ ਸੀ ਕਿ ਮਰਦ ਰੋਜ਼ਾਨਾ ਸਿਰਫ਼ ਇੱਕ ਘੰਟਾ ਹੀ ਕੰਮ ਕਰਦੇ ਹਨ, ਜਿਸ ਲਈ ਉਨ੍ਹਾਂ ਨੇ ਕੋਈ ਭੁਗਤਾਨ ਨਹੀਂ ਮਿਲਦਾ। ਉੱਥੇ ਹੀ ਜਾਪਾਨੀ ਔਰਤਾਂ ਰੋਜ਼ਾਨਾ ਪੰਜ ਘੰਟੇ ਕੰਮ ਕਰਦੀਆਂ ਹਨ।