6500 ਕਰੋੜ ਦੇ ਕੇ ਸਾਉਦੀ ਅਰਬ ਦਾ ਪ੍ਰਿੰਸ ਰਿਹਾਅ
ਏਬੀਪੀ ਸਾਂਝਾ | 01 Dec 2017 10:14 AM (IST)
ਦੁਬਈ- ਸਾਊਦੀ ਅਰਬ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਪ੍ਰਿੰਸ ਮਿਤੇਬ ਬਿਨ ਅਬਦੁੱਲਾ ਨੂੰ ਸਮਝੌਤੇ ਦੇ ਬਾਅਦ ਛੱਡ ਦਿੱਤਾ ਗਿਆ ਹੈ। ਇਸ ਦੇ ਲਈ ਉਨ੍ਹਾਂ ਨੂੰ 100 ਕਰੋੜ ਡਾਲਰ (ਕਰੀਬ 6500 ਕਰੋੜ ਰੁਪਏ) ਦੇ ਬਰਾਬਰ ਰਾਸ਼ੀ ਦੇਣੀ ਪਈ। ਨੈਸ਼ਨਲ ਗਾਰਡ ਦੇ ਸਾਬਕਾ ਮੁਖੀ ਅਤੇ ਸਾਬਕਾ ਸ਼ਾਹ ਅਬਦੁੱਲਾ ਦੇ ਬੇਟੇ 65 ਸਾਲਾ ਮਿਤੇਬ ਨੂੰ ਇੱਕ ਸਮੇਂ ਸਿੰਘਾਸਨ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾਂਦਾ ਸੀ। ਸਾਊਦੀ ਅਰਬ ਦੇ ਅਧਿਕਾਰੀ ਨੇ ਦੱਸਿਆ ਕਿ ਮਿਤੇਬ ਨੂੰ ਸਵੀਕਾਰ ਸਮਝੌਤਾ ਕਰਨ ਦੇ ਬਾਅਦ ਮੰਗਲਵਾਰ ਨੂੰ ਰਿਹਾਅ ਕੀਤਾ ਗਿਆ। ਸਮਝੌਤੇ ਵਿੱਚ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣਾ ਵੀ ਸ਼ਾਮਲ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਮਿਤੇਬ ਕਿਤੇ ਵੀ ਆਉਣ-ਜਾਣ ਲਈ ਆਜ਼ਾਦ ਹੋਣਗੇ ਜਾਂ ਨਜ਼ਰਬੰਦ ਰਹਿਣਗੇ। ਸਾਊਦੀ ਅਰਬ ਪ੍ਰਸ਼ਾਸਨ ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਕੁਝ ਹੋਰਾਂ ਲੋਕਾਂ ਦੇ ਨਾਲ ਵੀ ਸਮਝੌਤੇ ਦੀ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਤੋਂ ਰਿਹਾਈ ਦੇ ਬਦਲੇ ਵਿੱਚ ਆਪਣੀਆਂ ਜਾਇਦਾਦਾਂ ਤੇ ਨਕਦੀ ਸੌਂਪਣ ਲਈ ਕਿਹਾ ਗਿਆ ਹੈ। ਇੱਕ ਹਫਤਾ ਪਹਿਲਾਂ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਨਿਊ ਯਾਰਕ ਟਾਈਮਜ਼ ਨਾਲ ਗੱਲਬਾਤ ਦੇ ਦੌਰਾਨ ਕਿਹਾ ਸੀ ਕਿ ਗ੍ਰਿਫਤਾਰ ਕੀਤੇ ਗਏ ਕਰੀਬ 200 ਉਦਯੋਗਪਤੀਆਂ ਅਤੇ ਅਧਿਕਾਰੀਆਂ ਵਿੱਚ ਜ਼ਿਆਦਾਤਰ ਸਮਝੌਤੇ ਦੇ ਲਈ ਰਾਜ਼ੀ ਹੋ ਰਹੇ ਹਨ। ਵਰਨਣ ਯੋਗ ਹੈ ਕਿ ਮਿਤੇਬ ਸਮੇਤ ਕਰੀਬ ਇੱਕ ਦਰਜਨ ਸਾਊਦੀ ਪ੍ਰਿੰਸ, ਵੱਡੀ ਗਿਣਤੀ ਵਿੱਚ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਚਾਰ ਨਵੰਬਰ ਨੂੰ ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚ ਖਰਬਪਤੀ ਪ੍ਰਿੰਸ ਅਲ ਵਾਲੀਦ ਬਿਨ ਤਲਾਲ ਸ਼ਾਮਲ ਹਨ। ਸਾਊਦੀ ਅਰਬ ਦੇ ਬਾਦਸ਼ਾਹ ਵੱਲੋਂ ਕਰਾਊਨ ਪ੍ਰਿੰਸ ਮੁਹੰਮਦ ਦੀ ਅਗਵਾਈ ਵਿੱਚ ਨਵੀਂ ਭ੍ਰਿਸ਼ਟਾਚਾਰ ਵਿਰੋਧੀ ਕਮੇਟੀ ਬਣਾਉਣ ਦੇ ਬਾਅਦ ਇਹ ਕਾਰਵਾਈ ਕੀਤੀ ਗਈ ਸੀ। ਮਿਤਾਬ ‘ਤੇ ਗਬਨ, ਫਰਜ਼ੀ ਕਰਮਚਾਰੀ ਰੱਖਣ, ਵਸੂਲੀ ਅਤੇ ਰਿਸ਼ਵਤਖੋਰੀ ਦੇ ਦੋਸ਼ ਹਨ। ਇਸ ਦੇ ਇਲਾਵਾ 10 ਅਰਬ ਡਾਲਰ ਦੇ ਵਾਕੀ ਟਾਕੀ ਅਤੇ ਅਰਬਾਂ ਦੇ ਬੁਲੇਟਪਰੂਫ ਫੌਜੀ ਵਰਦੀ ਠੇਕਾ ਸਮੇਤ ਕਈ ਹੋਰ ਠੇਕੇ ਆਪਣੀ ਕੰਪਨੀ ਨੂੰ ਦਿਵਾਉਣ ਦੇ ਵੀ ਦੋਸ਼ ਹਨ।