ਡੇਰਾਬੱਸੀ: ਲਾਲੜੂ ਵਿੱਚ 21 ਸਾਲ ਦੀ ਲੜਕੀ ਨੂੰ ਬੰਧਕ ਬਣਾ ਕੇ ਵੀਰਵਾਰ ਨੂੰ ਗੈਂਗਰੇਪ ਕੀਤਾ ਗਿਆ। ਪੁਲਿਸ ਨੇ ਪੀੜਤ ਕੁੜੀ ਦੇ ਬਿਆਨ ਉੱਤੇ ਉਸ ਦੇ ਪਿੰਡ ਵਿੱਚ ਰਹਿਣ ਵਾਲੇ ਤਿੰਨ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਤਿੰਨੇ ਮੁਲਜ਼ਮ ਅਜੇ ਪੁਲਿਸ ਦੇ ਸ਼ਿਕੰਜੇ ਤੋਂ ਬਾਹਰ ਹਨ।
ਪੁਲਿਸ ਨੇ ਦੱਸਿਆ ਕਿ ਕੁੜੀ ਦੀ ਉਮਰ 21 ਸਾਲ ਹੈ। ਉਸ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਬੀ.ਏ. ਦੀ ਪੜ੍ਹਾਈ ਕਰ ਰਹੀ ਹੈ। 13-14 ਨਵੰਬਰ ਦਾ ਰਾਤ ਤਕਰੀਬਨ 12 ਵਜੇ ਘਰ ਵਿੱਚ ਬੈਠੀ ਪੜ੍ਹ ਰਹੀ ਸੀ। ਅਚਾਨਕ ਘਰ ਦਾ ਦਰਵਾਜ਼ਾ ਖੜਕਿਆ। ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਬਾਹਰ ਦੋ ਵਿਅਕਤੀ ਖੜੇ ਸੀ ਜਿਨ੍ਹਾਂ ਨੇ ਕੱਪੜੇ ਨਾਲ ਮੂੰਹ ਢੱਕਿਆ ਹੋਇਆ ਸੀ।
ਬਲਾਤਕਾਰ ਪੀੜਤ ਨੇ ਦੱਸਿਆ ਕਿ ਉਸ ਨੂੰ ਕੁਝ ਸੁੰਗਾ ਕੇ ਕਾਰ ਵਿੱਚ ਜ਼ਬਰਦਸਤੀ ਬਿਠਾ ਲਿਆ ਤੇ ਫਿਰ ਉਸ ਦੇ ਮੂੰਹ 'ਤੇ ਕੱਪੜਾ ਬੰਨ੍ਹ ਦਿੱਤਾ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਕਮਰੇ ਵਿੱਚ ਸੀ ਜਿੱਥੇ ਤਿੰਨੇ ਮੁਲਜ਼ਮਾਂ ਨੇ ਉਸ ਨਾਲ ਬਲਾਤਕਾਰ ਕੀਤਾ। ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ 15 ਨਵੰਬਰ ਨੂੰ ਕੁਰਾਲੀ ਦੀ ਸੜਕ 'ਤੇ ਮੂੰਹ ਬੰਨ੍ਹ ਕੇ ਛੱਡ ਦਿੱਤਾ।
ਮੁਲਜ਼ਮਾਂ ਨੇ ਕੁੜੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਤੋਂ ਡਰਦੀ ਪੀੜਤ ਨੇ ਘਰ ਵੀ ਕੋਈ ਗੱਲ ਨਹੀਂ ਦੱਸੀ। ਦੋ ਦਿਨ ਪਹਿਲਾਂ ਉਸ ਦੇ ਪੇਟ ਵਿੱਚ ਦਰਦ ਹੋਇਆ ਤਾਂ ਘਰਵਾਲੇ ਜਦੋਂ ਡਾਕਟਰ ਕੋਲ ਲੈ ਕੇ ਗਏ ਤਾਂ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਤਿੰਨਾਂ ਖਿਲਾਫ ਗੈਂਗਰੇਪ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।