ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਚਮਕ ਤੇ ਮਹੱਤਤਾ ਗਵਾ ਚੁੱਕੀ ਹੈ। ਹੁਣ ਉਹ ਦਿਨ ਪਰ ਦਿਨ ਖੁਰ ਰਹੀ ਹੈ ਕਿਉਂਕਿ ਬਾਦਲ ਪਰਿਵਾਰ ਨੇ ਉਸ ਨੂੰ ਆਪਣੀ ਨਿੱਜੀ ਜਾਗੀਰ ਬਣਾ ਲਿਆ ਹੈ। ਇਹ ਕਹਿਣਾ ਹੈ ਦਲ ਖਾਲਸਾ ਦਾ ਬੁਲਾਰੇ ਕੰਵਰਪਾਲ ਸਿੰਘ ਦਾ। ਕੰਵਰਪਾਲ ਸਿੰਘ ਨੇ ਕਿਹਾ ਕਿ ਦਲ ਖਾਲਸਾ ਦਾ ਇਹ ਮੰਨਣਾ ਹੈ ਕਿ ਰਘੂਜੀਤ ਸਿੰਘ ਵਿਰਕ ਦੀ ਸੀਨੀਅਰ ਮੀਤ ਪ੍ਰਧਾਨ ਵਜੋਂ ਵਾਪਸੀ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੰਘਰਸ਼ ਨੂੰ ਪੁਨਰ ਸੁਰਜੀਤ ਕਰੇਗੀ। ਉਨ੍ਹਾਂ ਕਿਹਾ ਕਿ ਕਮੇਟੀ ਦੀ ਪ੍ਰਧਾਨਗੀ ਇੱਕ ਦਾਗੀ ਤੇ ਵਿਵਾਦਤ ਵਿਅਕਤੀ ਨੂੰ ਦੇਣਾ ਇੱਕ ਹੋਰ ਨਿਘਾਰ ਹੈ। ਇਸ ਨਾਲ ਅਕਾਲੀ ਦਲ ਵਿੱਚ ਧਾਰਮਿਕ ਲੀਡਰਸ਼ਿਪ ਦਾ ਕਾਲ ਦਿਖਾਈ ਦੇ ਰਿਹਾ ਹੈ। ਇਹ ਤ੍ਰਾਸਦੀ ਹੈ ਕਿ ਕੌਮ ਦੇ ਸੁਚੇਤ ਵਰਗ ਨੂੰ ਹੁਣ ਦੋ ਦਾਗੀ ਤੇ ਅਯੋਗ ਵਿਅਕਤੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਸਾਹਮਣਾ ਕਰਨਾ ਪਵੇਗਾ। ਕੰਵਰਪਾਲ ਸਿੰਘ ਨੇ ਕਿਹਾ ਕਿ ਭਾਵੇਂ ਗੋਬਿੰਦ ਸਿੰਘ ਲੌਂਗੋਵਾਲ ਤਨਖਾਹ ਲਵਾ ਚੁੱਕੇ ਹਨ ਪਰ ਉਨ੍ਹਾਂ ਦੀ ਅੰਦਰੂਨੀ ਮਨਸ਼ਾ 'ਤੇ ਸਵਾਲੀਆ ਚਿੰਨ ਹਮੇਸ਼ਾਂ ਲੱਗਦੇ ਰਹਿਣਗੇ ਕਿਉਂਕਿ ਉਹ ਵੋਟਾਂ ਦੀ ਖਾਤਰ ਡੇਰਾ ਸਿਰਸਾ ਗਏ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਵੀਂ ਅੰਤਰਿੰਗ ਕਮੇਟੀ ਨੂੰ ਪੰਥਕ ਧਿਰਾਂ ਦਾ ਵਿਰੋਧ ਝੱਲਣਾ ਪਵੇਗਾ।