ਚੰਡੀਗੜ੍ਹ (ਹਰਸ਼ਰਨ ਕੌਰ): ਸ਼੍ਰੋਮਣੀ ਅਕਾਲੀ ਦਲ ਨੇ ਬੇਸ਼ੱਕ ਸ਼੍ਰੋਮਣੀ ਕਮੇਟੀ ਦਾ ਗੈਰ-ਵਿਵਾਦਤ ਪ੍ਰਧਾਨ ਚੁਣਨ ਦੀ ਕੋਸ਼ਿਸ਼ ਕੀਤੀ ਹੈ ਪਰ ਗੋਬਿੰਦ ਸਿੰਘ ਲੌਂਗੋਵਾਲ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਏ ਕਰਾਰ ਦਿੱਤੇ ਜਾ ਚੁੱਕੇ ਹਨ। ਦਰਅਸਲ ਗੋਬਿੰਦ ਸਿੰਘ ਲੌਂਗੌਵਾਲ ਉਹੀ ਸ਼ਖਸ ਨੇ ਜੋ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਵਿਧਾਨ ਸਭਾ ਚੋਣਾਂ 2017 ਦੌਰਾਨ ਡੇਰਾ ਸਿਰਸਾ ਦੀ ਹਮਾਇਤ ਲਈ ਰਾਮ ਰਹੀਮ ਦੀ ਸ਼ਰਨ ਗਏ ਸਨ। ਇਸ ਗੱਲ ਦਾ ਸਬੂਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮਾ ਹੈ। 17 ਅਪ੍ਰੈਲ, 2017 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਹੁਕਮਨਾਮਾ ਪੜ੍ਹਿਆ ਗਿਆ ਸੀ।

  ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਦੇ 44 ਸਿੱਖ ਲੀਡਰਾਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਡੇਰਾ ਸਿਰਸਾ ਦੇ ਸਮਾਜਿਕ ਤੇ ਧਾਰਮਿਕ ਬਾਈਕਾਟ ਕਰਨ ਵਾਲੇ ਹੁਕਮਨਾਮੇ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੰਦਿਆਂ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਸੀ ਉਨ੍ਹਾਂ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਲ ਸਨ। ਲਿਸਟ ਵਿੱਚ ਸਾਬਤ ਸੂਰਤ ਦੀ ਪੱਟੀ ਹੇਠ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ 17ਵੇਂ ਨੰਬਰ 'ਤੇ ਦਰਜ ਹੈ ਜਿਨ੍ਹਾਂ ਦਾ ਹਲਕਾ ਸੁਨਾਮ ਲਿਖਿਆ ਹੋਇਆ ਹੈ। ਇਸ ਧਾਰਮਿਕ ਸਜ਼ਾ ਤਹਿਤ ਲੌਂਗੋਵਾਲ ਨੇ 4 ਦਿਨਾਂ ਦੀ ਸਫਾਈ, ਜੋੜਾ ਘਰ ਤੇ ਲੰਗਰ ਸੇਵਾ ਕੀਤੀ।

  ਦਰਅਸਲ ਵਿਧਾਨ ਸਭਾ ਦੇ ਚੋਣ ਪ੍ਰਚਾਰ ਦੌਰਾਨ ਅਕਾਲੀ, ਕਾਂਗਰਸੀ ਤੇ 'ਆਪ' ਲੀਡਰਾਂ ਨੇ ਡੇਰੇ ਦੀ ਹਮਾਇਤ ਲੈਣ ਲਈ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਵੀ ਛਿੱਕੇ ਤੇ ਟੰਗ ਦਿੱਤਾ। ਡੇਰੇ ਪਹੁੰਚੇ ਲੀਡਰਾਂ ਦੀਆਂ ਤਸਵੀਰਾਂ ਜਨਤਕ ਹੋਈਆਂ ਤਾਂ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ। ਅਕਾਲ ਤਖਤ ਸਾਹਿਬ ਨੇ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਧਾਨ ਨੂੰ ਜ਼ਿੰਮਾ ਸੌਂਪਿਆ। ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੋਸ਼ੀ ਲੀਡਰਾਂ ਦੀ ਰਿਪੋਰਟ ਸੌਂਪੀ ਤੇ ਨਵੀਂ ਸਰਕਾਰ ਬਣਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 17 ਅਪ੍ਰੈਲ ਨੂੰ 44 ਲੀਡਰਾਂ ਨੂੰ ਦੋਸ਼ੀ ਮੰਨਦਿਆਂ ਤਨਖਾਹੀਆ ਕਰਾਰ ਦਿੱਤਾ ਗਿਆ।

  ਹੈਰਾਨੀਜਨਕ ਹੈ ਕਿ ਮਹਿਜ਼ 7 ਮਹੀਨਿਆਂ ਬਾਅਦ ਉਸ ਵਾਕਿਆ ਨੂੰ ਭੁਲਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਲੌਂਗੋਵਾਲ ਨੂੰ ਹੀ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਕਮਾਨ ਸੌਂਪ ਦਿੱਤੀ ਗਈ ਹੈ। ਬੀਤੇ ਦਿਨ ਉਹੀ ਜਥੇਦਾਰ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੋਂ ਲੌਂਗੋਵਾਲ ਨੂੰ ਦੋਸ਼ੀ ਕਰਾਰ ਦਿੱਤਾ ਸੀ, ਨਵੇਂ ਪ੍ਰਧਾਨ ਨੂੰ ਸਿਰੋਪਾਉ ਪਾਉਂਦੇ ਨਜ਼ਰ ਆਏ। ਪੰਥਕ ਰਵਾਇਤ ਤੇ ਸ਼੍ਰੋਮਣੀ ਸੰਸਥਾ ਦੇ ਇਤਿਹਾਸ ਮੁਤਾਬਕ ਕਮੇਟੀ ਦੀ ਪ੍ਰਧਾਨਗੀ ਦਾ ਹੱਕਦਾਰ ਉਹੀ ਵਿਅਕਤੀ ਹੁੰਦਾ ਹੈ ਜੋ ਪੰਥਕ ਜਜ਼ਬਾ ਰੱਖਦਾ ਹੋਵੇ, ਜਿਸ ਦੀ ਸ਼ਖਸੀਅਤ ਸਮਾਜਿਕ ਤੇ ਧਾਰਮਿਕ ਪੱਖ ਤੋਂ ਬੇਦਾਗ ਹੋਵੇ, ਕਿਉਂਕਿ ਸੰਸਥਾ ਸੰਸਾਰ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਹੱਕ ਰੱਖਦੀ ਹੈ।