ਚੰਡੀਗੜ੍ਹ: "ਮੇਰੇ ਹਲਕੇ ਵਿੱਚ ਵੀ ਦੋ ਦਲਾਲ ਹਨ। ਇੱਕ ਵਜ਼ੀਰਾਂ ਤੇ ਅਫਸਰਾਂ ਤੱਕ ਦੀ ਦਲਾਲੀ ਕਰਦਾ ਹੈ। ਮੈਂ ਅਕਾਲੀ ਸਰਕਾਰ ਸਮੇਂ ਅੱਖੀਂ ਦੇਖਿਆ ਕਿ ਇਹ ਦਲਾਲ ਸਾਡੇ ਇੱਕ ਮੰਤਰੀ ਕੋਲ ਗਿਆ। ਮੈਂ ਵੀ ਮੰਤਰੀ ਕੋਲ ਕਿਸੇ ਕੰਮ ਗਿਆ ਸੀ। ਉੱਥੇ ਉਹ ਦਲਾਲ ਵੀ ਆ ਗਿਆ। ਮੰਤਰੀ ਸਾਹਿਬ ਨੇ ਬਹੁਤ ਹੀ ਸਤਿਕਾਰਯੋਗ ਸ਼ਬਦਾਵਲੀ ਵਰਤਦਿਆਂ ਕਿਹਾ ਕਿ ਤੁਸੀਂ ਜੀ ਅਗਲੇ ਕਮਰੇ ਵਿੱਚ ਚਲੇ ਜਾਓ। ਇਹ ਮੰਤਰੀ ਸਾਹਿਬ ਬਠਿੰਡੇ ਜ਼ਿਲ੍ਹੇ ਦੇ ਸਨ।" ਇਹ ਗੱਲ ਕੋਈ ਹੋਰ ਨਹੀਂ ਜਾਣੇ-ਪਛਾਣੇ ਅਕਾਲੀ ਲੀਡਰ ਤੇ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਆਪਣੀ ਫੇਸਬੁੱਕ ਵਾਲ 'ਤੇ ਕਹੀ ਹੈ। ਦਰਅਸਲ ਉਹ ਬੈਂਸ ਭਰਾਵਾਂ ਦੇ ਆਡੀਓ ਦਲਾਲ ਕਾਂਡ ਦੇ ਸੰਦਰਭ 'ਚ ਗੱਲ ਕਰ ਰਹੇ ਸਨ।

  ਉਨ੍ਹਾਂ ਕਿਹਾ ਕਿ ਇਸ ਦਲਾਲ ਨੇ ਦਲਾਲੀ ਦੇ ਪੈਸਿਆਂ ਨਾਲ ਵੱਡੀ ਜਾਇਦਾਦ ਬਣਾ ਰੱਖੀ ਹੈ। ਇਸ ਨੂੰ ਕੋਈ ਵਿਜੀਲੈਂਸ ਨਹੀਂ ਫੜ੍ਹਦੀ ਕਿਉਂਕਿ ਉਹ ਸਭ ਲਈ ਦਲਾਲੀ ਕਰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਨੇ ਕਿਹਾ ਕਿ ਜੇ ਬੈਂਸ ਦੀ ਸੀਡੀ 'ਚ ਸਭ ਕੁਝ ਸੱਚ ਹੈ ਤਾਂ ਇਸ ਦੀ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਨਾ ਹੋਇਆ ਤਾਂ ਅਦਾਲਤ ਤੋਂ ਲੋਕਾਂ ਦਾ ਵਿਸ਼ਵਾਸ਼ ਟੁੱਟ ਜਾਏਗਾ ਤੇ ਫੇਰ ਲੋਕ ਇਨਸਾਫ ਲਈ ਕਿੱਥੇ ਜਾਣਗੇ। ਪੰਜੌਲੀ ਦੇ ਸਟੇਟਸ 'ਤੇ ਆਮ ਆਦਮੀ ਪਾਰਟੀ ਦੇ ਮੀਡੀਆ ਪ੍ਰਬੰਧਕ ਤੇ ਸਾਬਕਾ ਪੱਤਰਕਾਰ ਮਨਜੀਤ ਸਿੱਧੂ ਨੇ ਕਿਹਾ ਕਿ ਪੰਜੌਲੀ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਪਰ ਤੁਸੀਂ ਦਲਾਲ ਤੇ ਮੰਤਰੀ ਦਾ ਨਾਂ ਕਿਉਂ ਨਹੀਂ ਲਿਖਿਆ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਤੁਹਾਨੂੰ ਨਾਂ ਲੈਣਾ ਚਾਹੀਦਾ ਹੈ ਤਾਂ ਕਿ ਪਰਦਾਫਾਸ਼ ਹੋ ਸਕੇ।