‘ਪਾਲੀ ਪਾਣੀ ਖੂਹ ਤੋਂ ਭਰੇ’ ਗੀਤ ਦੇ ਲੇਖਕ ਗੁਰਪਾਲ ਪਾਲ ਦਾ ਦੇਹਾਂਤ
ਏਬੀਪੀ ਸਾਂਝਾ | 30 Nov 2017 10:32 AM (IST)
ਕੋਟਕਪੂਰਾ- ਪੰਜਾਬੀ ਬੋਲੀ ਦੇ ਸਦਾ ਬਹਾਰ ਗੀਤ ‘ਪਾਲੀ ਪਾਣੀ ਖੂਹ ਤੋਂ ਭਰੇ’, ‘ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆ ਨੱਚੀ ਜਾਂਦੀ ਐ’, ‘ਸਿੱਖੀ ਦਾ ਬੂਟਾ’, ‘ਦਾਤੇ ਦੀਆਂ ਬੇਪਰਵਾਹੀਆਂ’ ਤੇ ਹੋਰ ਕਰੀਬ 250 ਗੀਤਾਂ ਦੇ ਗਾਇਕ ਗੁਰਪਾਲ ਸਿੰਘ ਪਾਲ (83) ਦਾ ਬੀਤੀ ਦੇਰ ਰਾਤ ਕੋਟਕਪੂਰਾ ਦੇ ਇਕ ਨਿੱਜੀ ਹਸਪਤਾਲ ਵਿਖੇ ਦੇਹਾਂਤ ਹੋ ਗਿਆ। ਕੋਟਕਪੂਰਾ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਗਾਇਕ, ਗੀਤਕਾਰ, ਸਾਹਿਤ ਪ੍ਰੇਮੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਹਾਜ਼ਰ ਸਨ। ਗੁਰਪਾਲ ਸਿੰਘ ਪਾਲੀ ਦੇ ਪੁੱਤਰ ਰਵੀਤੇਜ ਸਿੰਘ ਨੇ ਦੱਸਿਆ ਕਿ ਪਾਲੀ ਦਾ ਜਨਮ ਪਿੰਡ ਕਨੇਚ, ਨੇੜੇ ਸਾਹਨੇਵਾਲ, ਜ਼ਿਲ੍ਹਾ ਲੁਧਿਆਣਾ ਵਿਖੇ 4 ਅਕਤੂਬਰ 1935 ਨੂੰ ਹੋਇਆ ਸੀ। ਉਨ੍ਹਾਂ ਪਿੰਡ ਦੇ ਸਕੂਲ ਤੋਂ ਪੰਜਵੀਂ ਜਮਾਤ ਪਾਸ ਕੀਤੀ, ਜਿੱਥੇ ਉਨ੍ਹਾਂ ਬਾਲ-ਸਭਾਵਾਂ ਵਿਚ ਹਿੱਸਾ ਲੈ ਕੇ ਗਾਇਕੀ ਦਾ ਮੁੱਢ ਬੰਨ੍ਹਿਆ। ਸਾਲ 1956 ਵਿੱਚ ਦਸਵੀਂ ਕਰਨ ਪਿੱਛੋਂ ਉਨ੍ਹਾਂ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬਾਜਾਖਾਨਾ ਤੋਂ 1964 ਵਿਚ ਜੇ ਬੀ ਟੀ ਪਾਸ ਕੀਤੀ। ਉਨ੍ਹਾਂ 1972 ਤੋਂ ਕੋਟਕਪੂਰਾ ਵਿਖੇ ਪੱਕੀ ਰਿਹਾਇਸ਼ ਬਣਾ ਲਈ। ਉਨ੍ਹਾਂ ਨੇ ਆਪਣੀ ਗਾਇਕੀ ਦਾ ਸਫ਼ਰ ਤਵਿਆਂ ਵਾਲੇ ਗੀਤਾਂ ਤੋਂ ਆਰੰਭ ਕੀਤਾ, ਜੋ ਉਨ੍ਹਾਂ ਦੀ ਮੌਤ ਤੱਕ ਜਾਰੀ ਰਿਹਾ। ਉਨ੍ਹਾਂ ਦੀਆਂ ਪੰਜਾਬੀ ਬੋਲੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਨੂੰ ਸੈਂਕੜੇ ਸਨਮਾਨ ਮਿਲੇ। ਦਸਵੀਂ ਪਾਸ ਕਰਨ ਪਿੱਛੋਂ ਉਹ ਨਹਿਰੀ ਵਿਭਾਗ ਵਿੱਚ ਤਾਰ ਬਾਬੂ ਵਜੋਂ ਸਰਕਾਰੀ ਨੌਕਰੀ ਵਿੱਚ ਆਏ। ਫਿਰ ਉਨ੍ਹਾਂ 1964 ਵਿੱਚ ਜੇ ਬੀ ਟੀ ਪਾਸ ਕੀਤੀ, ਪਰ ਗਾਇਕੀ ਦੇ ਜਾਨੂੰਨ ਕਾਰਨ ਉਨ੍ਹਾਂ ਦੋਵੇਂ ਸੇਵਾਵਾਂ ਛੱਡ ਕੇ ਪੂਰਨ ਤੌਰ ਉੱਤੇ ਪੰਜਾਬੀ ਲੋਕ ਗਾਇਕੀ ਨੂੰ ਅਪਣਾ ਲਿਆ ਅਤੇ ਆਖ਼ਰੀ ਸਮੇਂ ਤੱਕ ਇਸ ਨਾਲ ਜੁੜੇ ਰਹੇ। [embed]