ਸ਼ਹੀਦ ਸਿੱਖ ਫ਼ੌਜੀਆਂ ਦਾ ਸਨਮਾਨ ਕਬਾੜ ਦੁਕਾਨਾਂ ‘ਤੇ ਵਿਕਦੇ
ਏਬੀਪੀ ਸਾਂਝਾ | 30 Nov 2017 07:44 AM (IST)
ਅੰਮ੍ਰਿਤਸਰ- ਅੰਗਰੇਜ਼ਾਂ ਨੇ ਪਹਿਲੀ ਤੇ ਦੂਸਰੀ ਸੰਸਾਰ ਜੰਗ ਵਿੱਚ ਸ਼ਹਾਦਤਾਂ ਦੇਣ ਵਾਲੇ ਪੰਜਾਬ ਦੇ ਸਿੱਖ ਜੰਗੀ ਸ਼ਹੀਦਾਂ ਦੇ ਵਾਰਸਾਂ ਨੂੰ ਸਨਮਾਨ ਵਜੋਂ ਜਿਹੜੇ ਤਗਮੇ ਤੇ ਤਖਤੀਆਂ ਭੇਟ ਕੀਤੇ ਸਨ, ਉਹ ਹੁਣ ਕਬਾੜੀਆਂ ਦੀਆਂ ਦੁਕਾਨਾਂ ਉੱਤੇ ਪਿੱਤਲ ਦੇ ਭਾਅ ਵਿਕ ਰਹੇ ਹਨ। ਅਸਲ ਵਿੱਚ ਉਕਤ ਯੁੱਧਾਂ ਦੇ ਬਾਅਦ 450 ਟਨ ਪਿੱਤਲ ਨਾਲ ਬਣਾਈਆਂ ਤਿੰਨ ਲੱਖ 55 ਹਜ਼ਾਰ ਯਾਦਗਾਰੀ ਤਖਤੀਆਂ ਇਸ ਯੁੱਧ ਵਿੱਚ ਹਿੱਸਾ ਲੈਣ ਵਾਲੇ ਸੈਨਿਕਾਂ ਨੂੰ ਸਨਮਾਨ ਹਿੱਤ ਭੇਟ ਕੀਤੀਆਂ ਗਈਆਂ ਸਨ। ਉਕਤ ਯੁੱਧਾਂ ਵਿੱਚ ਜੋ ਸੈਨਿਕ ਸ਼ਹੀਦ ਹੋਏ, ਉਨ੍ਹਾਂ ਦੇ ਪਰਿਵਾਰਾਂ ਨੂੰ ਮਹਾਰਾਣੀ ਵਿਕਟੋਰੀਆ ਨੇ ਉਕਤ ਸਨਮਾਨ ਚਿੰਨ੍ਹ ਦੇ ਨਾਲ ਆਪਣੇ ਵੱਲੋਂ ਲਿਖਿਆ ਇਕ ਪੱਤਰ ਵੀ ਭੇਜਿਆ ਸੀ, ਜਿਸ ‘ਤੇ ਮਹਾਰਾਣੀ ਦੀ ਰੰਗਦਾਰ ਫੋਟੋ ਬਣੀ ਹੋਈ ਹੈ ਅਤੇ ਮਹਾਰਾਣੀ ਵੱਲੋਂ ਯੁੱਧ ਵਿੱਚ ਕੁਰਬਾਨੀ ਦੇਣ ਵਾਲੇ ਸੈਨਿਕ ਨੂੰ ‘ਸ਼ਹੀਦ’ ਵਜੋਂ ਸੰਬੋਧਤ ਕਰਦਿਆਂ ਉਸ ਦੀ ਬਹਾਦਰੀ ਦੀ ਪ੍ਰਸ਼ੰਸਾ ਅਤੇ ਉਸ ਦੇ ਪਰਵਾਰਾਂ ਦਾ ਧੰਨਵਾਦ ਕੀਤਾ ਗਿਆ ਹੈ। ਪੰਜ ਇੰਚ ਘੇਰੇ ਵਾਲੀਆਂ ਗੁਲਾਈ ‘ਚ ਬਣੀਆਂ ਤਖਤੀਆਂ ‘ਤੇ ਅੰਗਰੇਜ਼ੀ ਵਿੱਚ ਸੈਨਿਕਾਂ ਦੇ ਨਾਂਅ ਦੇ ਨਾਲ ‘ਹੀ ਡਾਈਡ ਫਾਰ ਫਰੀਡਮ ਐਂਡ ਆਨਰ’ ਲਿਖਿਆ ਹੋਇਆ ਹੈ। ਪਹਿਲੀ ਤੇ ਦੂਸਰੀ ਵਿਸ਼ਵ ਜੰਗ ਵਿੱਚ ਸਿੱਖ ਫੌਜੀਆਂ ਦੇ ਯੋਗਦਾਨ ਉੱਤੇ ਪੰਜ ਪੁਸਤਕਾਂ ਲਿਖ ਚੁੱਕੇ ਨੀਦਰਲੈਂਡ ਦੇ ਭੁਪਿੰਦਰ ਸਿੰਘ ਹਾਲੈਂਡ ਨੇ ਦੱਸਿਆ ਕਿ ਪੰਜਾਬ ਦੇ ਸਿੱਖ ਸੈਨਿਕ ਪਹਿਲੀ ਸੰਸਾਰ ਜੰਗ ‘ਚ 19 ਮੁਲਕਾਂ ਤੇ ਦੂਸਰੀ ਸੰਸਾਰ ਜੰਗ ਵਿੱਚ 25 ਦੇਸ਼ਾਂ ਵਿੱਚ ਲੜੇ। ਇਨ੍ਹਾਂ ਯੁੱਧਾਂ ਵਿੱਚ 83 ਹਜ਼ਾਰ ਪੰਜ ਸਿੱਖ ਸੈਨਿਕ ਸ਼ਹੀਦ ਹੋਏ ਤੇ ਇਕ ਲੱਖ 9 ਹਜ਼ਾਰ 45 ਸੈਨਿਕ ਅਪਾਹਜ ਹੋਏ। ਉਨ੍ਹਾਂ ਦੱਸਿਆ ਕਿ ਉਕਤ ਸੈਨਿਕਾਂ ਨੂੰ ਸਨਮਾਨ ਦਿੰਦਿਆਂ ਇਟਲੀ ਦੇ ਸ਼ਹੀਦ ਸਿੱਖ ਸੈਨਿਕਾਂ ਦੀਆਂ 9 ਅਤੇ ਬੈਲਜੀਅਮ ਵਿੱਚ ਦੋ ਯਾਦਗਾਰਾਂ ਉਸਾਰੀਆਂ ਗਈਆਂ ਹਨ। ਪੁਰਾਤਨ ਵਸਤੂਆਂ ਨੂੰ ਸੰਭਾਲ ਕੇ ਰੱਖਣ ਵਾਲੇ ਅੰਮ੍ਰਿਤਸਰ ਦੇ ਸ੍ਰੀ ਦੇਵ ਦਰਦ ਪਾਸ ਉਕਤ ਤਰ੍ਹਾਂ ਦੀਆਂ 100 ਕਰੀਬ ਤਖਤੀਆਂ ਮੌਜੂਦ ਹਨ। ਪੇਸ਼ੇ ਤੋਂ ਅਧਿਆਪਕ ਦੇਵ ਦਰਦ ਦੱਸਦੇ ਹਨ ਕਿ ਉਨ੍ਹਾਂ ਇਹ ਤਖਤੀਆਂ ਸੂਬੇ ਦੀਆਂ ਵੱਖ-ਵੱਖ ਕਬਾੜੀਆਂ ਦੀਆਂ ਦੁਕਾਨਾਂ ਤੋਂ ਖਰੀਦੀਆਂ ਹਨ ਅਤੇ ਹੁਣ ਉਨ੍ਹਾਂ ਵੱਲੋਂ ਇਹ ਤਖਤੀਆਂ ਸਨਮਾਨ ਸਹਿਤ ਆਪਣੇ ਨਿੱਜੀ ਅਜਾਇਬ ਘਰ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਇਹ ਤਖਤੀਆਂ ਕਬਾੜੀਆਂ ਦੀਆਂ ਦੁਕਾਨਾਂ ‘ਤੇ ਕਿਸ ਤਰ੍ਹਾਂ ਪਹੁੰਚੀਆਂ, ਇਸ ਬਾਰੇ ਸਹੀ ਜਵਾਬ ਮਿਲਣਾ ਮੁਸ਼ਕਿਲ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਖਤੀਆਂ ਅੰਗਰੇਜ਼ੀ ਸ਼ਾਸਨ ਸਮੇਂ ਸ਼ਹੀਦ ਸੈਨਿਕਾਂ ਨਾਲ ਸਬੰਧਤ ਇਲਾਕਿਆਂ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਪਾਸ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਣ ਲਈ ਭੇਜੀਆਂ ਗਈਆਂ ਸਨ। ਸੰਭਵ ਹੈ ਕਿ ਅਣਗਹਿਲੀ ਦੇ ਚੱਲਦਿਆਂ ਇਹ ਤਖਤੀਆਂ ਸਨਮਾਨ ਦੇ ਹੱਕਦਾਰ ਸ਼ਹੀਦ ਸੈਨਿਕਾਂ ਦੇ ਪਰਵਾਰਾਂ ਤੱਕ ਤਾਂ ਨਹੀਂ ਪਹੁੰਚ ਸਕੀਆਂ, ਪਰ ਕਬਾੜੀਆਂ ਦੀਆਂ ਦੁਕਾਨਾਂ ‘ਤੇ ਜ਼ਰੂਰ ਪਹੁੰਚ ਗਈਆਂ।