ਪਟਿਆਲਾ: ਨਾਭਾ ਜੇਲ੍ਹ ਬਰੇਕ ਹੋਏ ਨੂੰ ਅਜੇ ਸਾਲ ਹੀ ਬੀਤਿਆ ਹੈ ਪਰ ਜੇਲ੍ਹ ਵਿੱਚ ਖਾਮੀਆਂ ਦੇ ਚੱਲਦਿਆਂ ਕੈਦੀ ਸ਼ਰੇਆਮ ਮੋਬਾਈਲ ਫੋਨਾਂ ਦੀ ਵਰਤੋਂ ਕਰ ਰਹੇ ਹਨ। ਇੱਕ ਸਾਲ ਦੌਰਾਨ ਕੈਦੀਆਂ ਕੋਲੋਂ 7 ਮੋਬਾਈਲ ਬਰਾਮਦ ਕੀਤੇ ਜਾ ਚੁੱਕੇ ਹਨ।ਜੇਲ੍ਹ ਵਿੱਚ ਜਿਨ੍ਹਾਂ ਕੈਦੀਆ ਕੋਲੋਂ ਮੋਬਾਈਲ ਬਰਾਮਦ ਕੀਤੇ ਗਏ ਹਨ, ਉਨ੍ਹਾਂ ਵਿੱਚ ਕੈਦੀ ਦੀਪਕ ਕੁਮਾਰ, ਹਵਾਲਾਤੀ ਦਵਿੰਦਰ ਸਿੰਘ, ਕੈਦੀ ਗੌਰਵ ਸ਼ਰਮਾ, ਹਵਾਲਾਤੀ ਅਖਿਲੇਸ ਉਰਫ ਕਾਕੂ, ਕੈਦੀ ਜਗਸੀਰ ਸਿੰਘ, ਗੈਂਗਸਟਰ ਅਮਨਦੀਪ ਸਿੰਘ ਸ਼ਾਮਲ ਹਨ। ਜੇਲ੍ਹ ਪ੍ਰਸ਼ਾਸਨ ਨੇ ਅੱਜ ਗੈਂਗਸਟਰ ਅਮਨਦੀਪ ਸਿੰਘ ਕੋਲੋਂ ਸੈਮਸੰਗ ਦਾ ਮੋਬਾਈਲ ਬਾਰਮਦ ਕੀਤਾ ਹੈ। ਇਹ ਗੈਂਗਸਟਰ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ। ਜੇਲ੍ਹ ਬਰੇਕ 27 ਨਵੰਬਰ, 2016 ਨੂੰ ਹੋਇਆ ਸੀ ਜਿਸ ਵਿੱਚ 4 ਗੈਂਗਸਟਰ ਤੇ ਦੋ ਅੱਤਵਾਦੀ ਜੇਲ੍ਹ ਵਿੱਚੋਂ ਰਫੂ ਚੱਕਰ ਹੋ ਗਏ ਸੀ। ਉਸ ਵੇਲੇ ਖਾਲਿਸਤਾਨ ਲਿਬਰੇਸਨ ਫੋਰਸ ਦੇ ਮੁਖੀ ਨੇ 4ਜੀ ਫੋਨ ਨਾਲ ਬਾਹਰ ਸਪੰਰਕ ਸਾਧਿਆ ਸੀ। ਜੇਲ੍ਹ ਅੰਦਰ 3ਜੀ ਜੈਮਰ ਹੀ ਲੱਗੇ ਹੋਏ ਹਨ ਤੇ 4ਜੀ ਫੋਨਾਂ ਨੂੰ ਨਹੀਂ ਰੋਕ ਸਕਦੇ। ਇਸ ਕਾਰਨ ਬੀਤੇ ਦਿਨੀਂ ਜੇਲ੍ਹ ਦੇ ਸੁਪਰਡੈਂਟ ਨੇ ਇਹ ਗੱਲ ਆਪ ਮੰਨੀ ਸੀ ਕਿ 4ਜੀ ਜੈਮਰ ਜੇਲ੍ਹ ਵਿੱਚ ਨਾ ਲੱਗਣ ਕਾਰਨ ਸਮੱਸਿਆ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਨਾਭਾ ਦੇ ਐਸ.ਐਚ.ਓ. ਕਰਨੈਲ ਸਿੰਘ ਨੇ ਕਿਹਾ ਕਿ ਕੈਦੀ ਅਮਨਦੀਪ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ। ਉਸ ਕੋਲੋਂ ਜੇਲ੍ਹ ਅੰਦਰ ਮੋਬਾਈਲ ਬਰਾਮਦ ਹੋਇਆ ਹੈ। ਇਸ ਸਬੰਧੀ ਅਸੀਂ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਜੇਲ੍ਹ ਬਰੇਕ ਹੋਏ ਨੂੰ ਸਾਲ ਦਾ ਸਮਾਂ ਬੀਤ ਚੁੱਕਾ ਹੈ। ਇੱਕ ਸਾਲ ਦਰਮਿਆਨ ਜੇਲ੍ਹ ਵਿੱਚੋ 7 ਮਲਟੀਮੀਡੀਆ ਮੋਬਾਈਲ ਬਰਾਮਦ ਕੀਤੇ ਜਾ ਚੁੱਕੇ ਹਨ।