ਗੋਬਿੰਦ ਸਿੰਘ ਲੌਂਗੋਵਾਲ ਦਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੱਕ ਦਾ ਸਫਰ
ਏਬੀਪੀ ਸਾਂਝਾ | 29 Nov 2017 04:59 PM (IST)
ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਿੱਖ ਭਾਈਚਾਰੇ ਵੱਲੋਂ ਬਾਦਲਾਂ ਦੀ ਜੇਬ ਵਿੱਚੋਂ ਨਿਕਲਿਆ ਪ੍ਰਧਾਨ ਕਿਹਾ ਜਾਂਦਾ ਹੈ। ਅੱਜ ਹੋਈ ਚੋਣ ਤੋਂ ਬਾਅਦ ਵੀ ਸੋਸ਼ਲ ਮੀਡੀਆ 'ਤੇ ਇਹੀ ਚਰਚਾ ਚੱਲ ਰਹੀ ਹੈ। ਐਸਜੀਪੀਸੀ ਦੇ ਅੱਜ ਚੁਣੇ ਨਵੇਂ ਪ੍ਰਧਾਨ ਕੌਣ ਹਨ ਇਨ੍ਹਾਂ ਬਾਰੇ ਵੀ ਜਾਣ ਲੈਂਦੇ ਹਾਂ... ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣਾ ਸਿਆਸੀ ਸਫਰ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਸ਼ੁਰੂ ਕੀਤਾ ਸਾਲ 1985, 1997 ਤੇ 2002 'ਚ ਧਨੌਲਾ ਤੋਂ ਵਿਧਾਇਕ ਰਹੇ। ਸਾਲ 1987 'ਚ ਮਾਰਕਫੈੱਡ ਦੇ ਚੇਅਰਮੈਨ ਰਹੇ। ਸਾਲ 2000 'ਚ ਬਾਦਲ ਸਰਕਾਰ 'ਚ ਸੂਬੇ ਦੇ ਸਿੰਚਾਈ ਮੰਤਰੀ ਰਹੇ। ਸਾਲ 2011 'ਚ ਧੂਰੀ ਤੋਂ ਵਿਧਾਇਕ ਚੁਣੇ ਗਏ। 2015 ਵਿੱਚ ਧੂਰੀ ਤੋਂ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣੇ। ਸਾਲ 2009 'ਚ ਸੰਗਰੂਰ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹੇ। ਸਾਲ 2011 ਤੋਂ ਲਗਾਤਾਰ ਐਸ.ਜੀ.ਪੀ.ਸੀ. ਦੇ ਮੈਂਬਰ ਹਨ। ਸ਼੍ਰੋਮਣੀ ਅਕਾਲੀ ਦਲ (ਬ) ਦੇ ਲਗਾਤਾਰ 10 ਸਾਲਾਂ ਤੋਂ ਉਪ ਪ੍ਰਧਾਨ ਵੀ ਹਨ। ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਸਾਰੇ ਐਸ.ਜੀ.ਪੀ.ਸੀ. ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ, "ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਸਿੱਖੀ ਦੀ ਸੇਵਾ ਸਹੀ ਢੰਗ ਨਾਲ ਕਰਨ ਦੀ ਤਖਤ ਬਖਸ਼ਣ।" ਗੋਬਿੰਦ ਸਿੰਘ ਲੌਂਗੋਵਾਲ ਸਿਆਸੀ ਦਾਅ-ਪੇਚਾਂ ਦੇ ਮਾਹਰ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ਨਿਰੋਲ ਧਾਰਮਿਕ ਸੰਸਥਾ ਦਾ ਮੁਖੀ ਬਣਾਇਆ ਗਿਆ ਹੈ। ਸ਼ਾਇਦ ਇਸੇ ਕਰਕੇ ਸਿੱਖ ਕੌਮ ਵੱਲੋਂ ਧਰਮ 'ਤੇ ਸਿਆਸਤ ਭਾਰੂ ਹੋਣ ਦਾ ਦੁੱਖੜਾ ਰੋਇਆ ਜਾਂਦਾ ਹੈ। ਦਰਅਸਲ ਸ਼੍ਰੋਮਣੀ ਸੰਸਥਾ ਦੇ ਇਤਿਹਾਸ ਵਿੱਚ ਰਿਕਾਰਡ ਹੈ ਕਿ ਅੱਜ ਤੱਕ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਬਹੁਮਤ ਹਾਸਲ ਕਰਦੀ ਰਹੀ ਹੈ। ਬਹੁਮਤ ਕਾਰਨ ਪ੍ਰਧਾਨਗੀ ਦਾ ਅਹੁਦਾ ਅਕਾਲੀ ਦਲ ਦੀ ਝੋਲੀ ਵਿੱਚ ਹੀ ਜਾਂਦਾ ਹੈ। ਰਵਾਇਤ ਮੁਤਾਬਕ ਪ੍ਰਧਾਨ ਦੀ ਚੋਣ ਇਜਲਾਸ ਦੌਰਾਨ ਵੋਟਿੰਗ ਰਾਹੀਂ ਜਾਂ ਸਰਬਸੰਮਤੀ ਰਾਹੀਂ ਹੁੰਦੀ ਹੈ, ਪਰ ਹਰ ਸਾਲ ਐਸਜੀਪੀਸੀ ਪ੍ਰਧਾਨ ਚੁਣਨ ਦੇ ਸਾਰੇ ਅਧਿਕਾਰ ਇੱਕ ਦਿਨ ਪਹਿਲਾਂ ਹੋਣ ਵਾਲੀ ਬੈਠਕ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੂੰ ਸੌਂਪ ਦਿੱਤੇ ਜਾਂਦੇ ਹਨ। ਅਕਾਲੀ ਦਲ ਪ੍ਰਧਾਨ ਜੋ ਨਾਂ ਪੇਸ਼ ਕਰ ਦੇਣ ਉਸ 'ਤੇ ਪਾਰਟੀ ਦੇ ਚੁਣੇ ਹੋਏ ਐਸਜੀਪੀਸੀ ਮੈਂਬਰ ਇਜਲਾਸ ਦੌਰਾਨ ਮੋਹਰ ਲਾ ਹੀ ਦਿੰਦੇ ਹਨ।