ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਗੋਬਿੰਦ ਸਿੰਘ ਲੌਂਗੋਵਾਲ ਤੇ ਵਿਰੋਧੀ ਧੜੇ ਵੱਲੋਂ ਅਮਰੀਕ ਸਿੰਘ ਸ਼ਾਹਪੁਰ ਵਿਚਾਲੇ ਸਿੰਗ ਫਸ ਗਏ। ਹੁਣ ਪ੍ਰਧਾਨਗੀ ਦਾ ਫੈਸਲਾ ਵੋਟਾਂ ਰਾਹੀਂ ਹੋਏਗਾ। ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਬੀਬੀ ਜਗੀਰ ਕੌਰ ਨੇ ਪੇਸ਼ ਕੀਤਾ ਤੇ ਸਰਬਸੰਮਤੀ ਦੀ ਅਪੀਲ ਕੀਤੀ ਪਰ ਵਿਰੋਧੀ ਧੜਾ ਨਾ ਮੰਨਿਆ। ਉਨ੍ਹਾਂ ਨੇ ਵੋਟਾਂ ਰਾਹੀਂ ਚੋਣ ਕਰਾਉਣ ਦੀ ਮੰਗ ਕੀਤੀ। ਇਸ ਲਈ ਪਰਚੀਆਂ ਰਾਹੀਂ ਵੋਟਿੰਗ ਹੋ ਰਹੀ ਹੈ। ਮੌਜੂਦਾ ਹਾਊਸ ਵਿੱਚ ਚੁਣੇ ਹੋਏ 170 ਸ਼੍ਰੋਮਣੀ ਕਮੇਟੀ ਮੈਂਬਰਾਂ ਵਿੱਚੋਂ 157 ਬਾਦਲ ਧੜੇ ਨਾਲ ਸਬੰਧਤ ਹਨ। ਸਾਬਕਾ ਜਨਰਲ ਸਕੱਤਰ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮਰਥਕ ਸੁਖਦੇਵ ਸਿੰਘ ਭੌਰ ਵੱਲੋਂ ਬਣਾਏ ਪੰਥਕ ਫਰੰਟ ਕੋਲ 22 ਮੌਜੂਦਾ ਮੈਂਬਰ ਤੇ ਕੁਝ ਸਾਬਕਾ ਮੈਂਬਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੁਝ ਹਮਖਿਆਲੀ ਵਿਰੋਧੀ ਧਿਰਾਂ ਵੀ ਉਨ੍ਹਾਂ ਨੂੰ ਸਮਰਥਨ ਦੇ ਸਕਦੀਆਂ ਹਨ।