ਵਿਧਾਨ ਸਭਾ 'ਚ ਬਾਦਲਾਂ ਦੇ ਹੋਟਲ ਦੀ ਗੂੰਜ, 'ਆਪ' ਨੇ ਚੁੱਕਿਆ ਮੁੱਦਾ
ਏਬੀਪੀ ਸਾਂਝਾ | 29 Nov 2017 12:19 PM (IST)
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਬਾਦਲ ਪਰਿਵਾਰ ਦੇ ਬਹੁਕਰੋੜੀ ਹੋਟਲ ਸੁਖ ਵਿਲਾਸ ਨੂੰ ਜਾਣ ਵਾਲੀ ਸੜਕ ਦਾ ਮੁੱਦਾ ਉਠਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਇਹ ਸੜਕ ਬਾਦਲਾਂ ਦੇ ਹੋਟਲ ਲਈ ਬਣੀ ਹੈ ਤੇ ਟੋਲ ਆਮ ਲੋਕਾਂ ਨੂੰ ਦੇਣਾ ਪੈਂਦਾ ਹੈ। ਸੰਧੂ ਨੇ ਕਿਹਾ ਕਿ ਸੜਕ 'ਤੇ ਲਾਈਟਾਂ ਵੀ ਸਿਰਫ ਬਾਦਲ ਦੇ ਹੋਟਲ ਤੱਕ ਲੱਗੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਨਾ ਸਟੇਟ ਹਾਈਵੇ ਹੈ ਤੇ ਨਾ ਨੈਸ਼ਨਲ ਹਾਈਵੇ ਹੈ। ਇਸ ਲਈ ਟੋਲ ਪਲਾਜ਼ਾ ਕਾਨੂੰਨ ਮੁਤਾਬਕ ਨਹੀਂ ਲੱਗ ਸਕਦਾ। ਇਸ ਦਾ ਜਵਾਬ ਦਿੰਦਿਆਂ ਕਾਂਗਰਸੀ ਮੰਤਰੀ ਬ੍ਰਹਮ ਮੋਹਿੰਦਰ ਨੇ ਕਿਹਾ ਮਾਮਲੇ ਦੀ ਪੂਰੀ ਜਾਂਚ ਕਰਵਾਂਗੇ। ਇਸ ਮੌਕੇ ਪਰਾਲੀ ਦੇ ਮਸਲੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਅਹਿਮ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁੱਲ 20 ਮਿਲੀਅਨ ਟਨ ਪਰਾਲੀ ਹੈ। ਪੰਜਾਬ ਸਰਕਾਰ ਦਾ ਦੱਖਣੀ ਭਾਰਤ ਦੀ ਕੰਪਨੀ ਨਾਲ ਕਰਾਰ ਹੋ ਚੁੱਕਿਆ ਹੈ। ਉਹ 19 ਮਿਲੀਅਨ ਟਨ ਪਰਾਲੀ ਚੁੱਕਣਗੇ। ਇਸ ਲਈ ਅਗਲੀ ਵਾਰ ਪਰਾਲੀ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਇਸ ਮੌਕੇ ਸ਼ਗਨ ਸਕੀਮ 51,000 ਰੁਪਏ ਨਾ ਕਰਨ ਦਾ ਮਸਲਾ ਵੀ ਉੱਠਿਆ। ਕਾਂਗਰਸ ਨੇ ਮੈਨੀਫੈਸਟੋ ਵਿੱਚ ਸ਼ਗਨ 51,000 ਰੁਪਏ ਕਰਨ ਦਾ ਵਾਅਦਾ ਕੀਤਾ ਸੀ ਪਰ ਸਿਰਫ 21,000 ਕੀਤੀ ਹੈ। ਸੁਖਪਾਲ ਖਹਿਰਾ ਨੇ ਵਿਧਾਨ ਸਭਾ ਵਿੱਚ ਮਾਈਨਿੰਗ ਦਾ ਮਸਲਾ ਉਠਾਇਆ। ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਕਿਹਾ ਤੁਸੀਂ ਸਾਰੇ ਮਾਈਨਿੰਗ ਚ ਸ਼ਾਮਲ ਹੋ। ਜੇ ਨਹੀਂ ਤਾਂ ਬੋਲਦੇ ਕਿਉਂ ਨਹੀਂ। ਇਸ 'ਤੇ ਸਿੱਧੂ ਨੇ ਖਹਿਰਾ 'ਤੇ ਭੜਾਸ ਕੱਢੀ।