ਫ੍ਰੈਂਕਫਰਟ: ਮਸ਼ਹੂਰ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਮਾਲਕ ਐਲਨ ਮਸਕ ਦਾ ਜਰਮਨੀ ਦੇ ਬਰਲਿਨ 'ਚ ਗੀਗਾਫੈਕਟਰੀ ਬਣਾਉਣ ਦਾ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਸੱਪ ਹੈ। ਸੱਪਾਂ ਕਾਰਨ ਉੱਥੇ ਦੀ ਇੱਕ ਅਦਾਲਤ ਨੇ ਫੈਕਟਰੀ ਲਈ ਜੰਗਲ ਵੱਢਣ ਦੇ ਕੰਮ ਤੇ ਰੋਕ ਲਾਈ ਹੈ। ਇਸ ਮਾਮਲੇ 'ਤੇ ਵਾਤਾਵਰਣ ਪ੍ਰੇਮੀ ਕਹਿੰਦੇ ਹਨ ਕਿ ਜੇ ਜੰਗਲ ਖ਼ਤਮ ਹੋ ਗਏ ਤਾਂ ਸੱਪਾਂ ਦੀ ਹੋਂਦ ਨੂੰ ਖਤਰਾ ਹੋ ਸਕਦਾ ਹੈ।
ਅਦਾਲਤ ਦੇ ਇੱਕ ਬੁਲਾਰੇ ਨੇ ਕਿਹਾ ਕਿ ਇਸ ਮੁੱਦੇ ਉੱਤੇ ਵਾਤਾਵਰਣ ਅਥਾਰਟੀ ਤੇ ਟੈਸਲਾ ਨਾਲ ਵਿਚਾਰ ਵਟਾਂਦਰੇ ਕੀਤੇ ਜਾਣਗੇ। ਦੋਵਾਂ ਨੂੰ ਆਪਣੇ ਵਿਚਾਰ ਪੇਸ਼ ਕਰਨੇ ਪੈਣਗੇ ਤੇ ਉਸ ਤੋਂ ਬਾਅਦ ਹੀ ਸਥਿਤੀ ਦੀ ਸਮੀਖਿਆ ਕੀਤੀ ਜਾਏਗੀ। ਵਾਤਾਵਰਣ ਅਥਾਰਟੀ ਤੇ ਟੈਸਲਾ ਨੇ ਫਿਲਹਾਲ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਨੇ ਯੂਰਪ ਵਿੱਚ ਪਹਿਲੀ ਫੈਕਟਰੀ ਬਣਾਉਣ ਤੇ ਇਸਦੇ ਬਰਲਿਨ ਦੇ ਆਸਪਾਸ ਇਸਦੇ ਡਿਜ਼ਾਈਨ ਸੈਂਟਰ ਬਣਾਉਣ ਬਾਰੇ ਦੱਸਿਆ ਸੀ। 1 ਜੁਲਾਈ 2021 ਤੋਂ, ਇਸ ਫੈਕਟਰੀ ਵਿੱਚ ਇਲੈਕਟ੍ਰਿਕ ਕ੍ਰਾਸਓਵਰ ਮਾਡਲ Y ਸਪੋਰਟਸ ਯੂਟਿਲਟੀ ਵਾਹਨ ਬਣਾਉਣ ਦੀ ਯੋਜਨਾ ਸੀ।
ਐਲਨ ਮਸਕ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਆਦਮੀ ਬਣ ਗਿਆ
ਟੈਸਲਾ ਦੇ ਮੁਖੀ ਅਤੇ ਕਰੋੜਪਤੀ ਐਲਨ ਮਸਕ ਮਾਈਕਰੋਸੌਫਟ ਦੇ ਸੰਸਥਾਪਕ ਬਿਲ ਗੇਟਸ ਨੂੰ ਦੌਲਤ ਦੇ ਮਾਮਲੇ 'ਚ ਪਛਾੜਦੇ ਹੋਏ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। 49 ਸਾਲਾ ਐਲਨ ਮਸਕ ਦੀ ਕੁਲ ਸੰਪਤੀ 7.2 ਅਰਬ ਡਾਲਰ ਤੋਂ ਵਧ ਕੇ 127.9 ਅਰਬ ਡਾਲਰ ਹੋ ਗਈ ਹੈ। ਇਸ ਦੇ ਨਾਲ ਹੀ, ਟੈਸਲਾ ਸ਼ੇਅਰਾਂ ਵਿੱਚ ਇੱਕ ਵੱਡਾ ਉਛਾਲ ਆਇਆ ਹੈ ਜਿਸ ਕਾਰਨ ਐਲਨ ਮਸਕ ਦੀ ਨੈਟ ਵਰਥ ਵਿੱਚ ਵਾਧਾ ਹੋਇਆ ਹੈ।
ਮਸਕ ਇਨ੍ਹਾਂ ਅੱਠ ਕੰਪਨੀਆਂ ਦੇ ਮਾਲਕ ਹਨ ਜਿਸ 'ਚ Zip2, PayPal, SpaceX, Tesla, Hyperloop, OpenAI, Neuralink, ਅਤੇ The Boring Company ਸ਼ਾਮਲ ਹੈ।