ਨਿਊਯਾਰਕ: ਅਮਰੀਕਾ ਦੇ ਨਿਊਯਾਰਕ ’ਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਤਾ-ਪਿਤਾ ਨੇ ਆਪਣੇ ਬਾਲਗ ਬੱਚੇ ਨਾਲ ਵਿਆਹ ਕਰਨ ਲਈ ਕਾਨੂੰਨੀ ਤੌਰ 'ਤੇ ਅਰਜ਼ੀ ਦਿੱਤੀ ਹੈ ਤੇ ਇਸ ਨੂੰ 'ਨਿੱਜੀ ਖੁਦਮੁਖਤਿਆਰੀ' ਦਾ ਮਾਮਲਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਮਾਪੇ ਚਾਹੁੰਦੇ ਹਨ ਕਿ ਇਸ ਲਈ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਜੋ ਪ੍ਰਕਿਰਿਆ ’ਚ ਕੋਈ ਰੁਕਾਵਟ ਨਾ ਪਵੇ।


‘ਨਿਊਯਾਰਕ ਪੋਸਟ’ ਨੇ ਰਿਪੋਰਟ ’ਚ ਕਿਹਾ ਕਿ ਮਾਪਿਆਂ ਨੇ ਆਪਣੇ ਇਸ ਅਨੋਖੇ ਫੈਸਲੇ ਬਾਰੇ ਸਮਝਾਉਂਦਿਆਂ ਕਿਹਾ, “ਵਿਆਹ ਦੇ ਸਥਾਈ ਬੰਧਨ ਦੇ ਜ਼ਰੀਏ ਦੋ ਵਿਅਕਤੀ, ਭਾਵੇਂ ਉਨ੍ਹਾਂ ਵਿਚਕਾਰ ਕੋਈ ਵੀ ਰਿਸ਼ਤਾ ਨਾ ਹੋਵੇ, ਉਹ ਭਾਵਨਾ, ਨੇੜਤਾ ਤੇ ਅਧਿਆਤਮਿਕਤਾ ਦੀ ਸਿਖਰ ਨੂੰ ਪ੍ਰਾਪਤ ਕਰ ਸਕਦੇ ਹਨ।”

ਅਦਾਲਤ ’ਚ ਦਾਖਲ ਕੀਤੇ ਕਾਗਜ਼ਾਂ ’ਚ ਨਵ-ਵਿਆਹਿਆਂ ਲਈ ਲਿੰਗ, ਉਮਰ, ਦੇਸ਼ ਜਾਂ ਉਨ੍ਹਾਂ ਦੇ ਰਿਸ਼ਤੇ ਦਾ ਪ੍ਰਕਾਰ ਜਿਹਾ ਕੋਈ ਵੇਰਵਾ ਸ਼ਾਇਦ ਹੀ ਦਿੱਤਾ ਗਿਆ ਹੈ। ਆਪਣੀ ਇਸ ‘ਨਿੱਜੀ ਖੁਦਮੁਖਤਿਆਰੀ’ ਦਾ ਕਾਰਨ ਦੱਸਦਿਆਂ ਮਾਪਿਆਂ ਨੇ ਕਿਹਾ ਕਿ ਇਹ ਅਰਜ਼ੀ ਸਮਾਜ ਦੇ ਵੱਡੇ ਹਿੱਸੇ ਲਈ ‘ਨੈਤਿਕ, ਸਮਾਜਿਕ ਤੇ ਜੀਵ-ਵਿਗਿਆਨਕ ਰੂਪ ਦੇ ਵਿਰੁੱਧ’ ਹੈ।

ਦਾਇਰ ਕੀਤੀ ਅਰਜ਼ੀ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪਤੀ-ਪਤਨੀ ਬਾਲਗ ਹਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਾਂਝਾ ਕੀਤਾ ਹੈ ਕਿ ਉਨ੍ਹਾਂ ਦਾ ਆਪਸ ’ਚ ਰਿਸ਼ਤਾ ਮਾਤਾ-ਪਿਤਾ ਤੇ ਬੱਚੇ ਦਾ ਹੈ। ਹਾਲਾਂਕਿ ਮੈਨਹਟਨ ਦੇ ਇਸ ਪਰਿਵਾਰ ਅਤੇ ਵਿਆਹੁਤਾ ਕਾਨੂੰਨ ਅਟਾਰਨੀ ਐਰਿਕ ਰੂਬੇਲ ਦਾ ਕਹਿਣਾ ਹੈ ਕਿ ਅਜਿਹਾ ਕਦੇ ਵੀ ਸੰਭਵ ਨਹੀਂ ਹੈ।