ਬਠਿੰਡਾ: ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਸਿਰਫ ਇੱਕ ਡਰਾਮਾ ਹੈ ਤੇ ਉਹ ਡਰਾਮੇਬਾਜ਼ ਬੰਦਾ ਹੈ। ਉਸ ਨੂੰ ਪਤਾ ਹੈ ਕਿ ਉਸ ਦਾ ਅਸਤੀਫ਼ਾ ਕਿਸੇ ਨੇ ਮਨਜ਼ੂਰ ਨਹੀਂ ਕਰਨਾ, ਇਹ ਸਿਰਫ ਡਰਾਮਾ ਕੀਤਾ ਹੈ। ਜੇ ਅਸਲ 'ਚ ਮਰਦ ਹੈ ਤਾਂ ਉਹ ਆਪਣਾ ਅਸਤੀਫ਼ਾ ਮਨਜ਼ੂਰ ਕਰਾਵੇ। ਮਲੂਕਾ ਅੱਜ ਬਠਿੰਡਾ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ।


 


ਉਨ੍ਹਾਂ ਕਿਹਾ ਜਿਵੇਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਦਿੱਤੇ ਹੋਏ ਅਸਤੀਫ਼ੇ ਅਜੇ ਤੱਕ ਮਨਜ਼ੂਰ ਨਹੀਂ ਹੋਏ। ਇਹ ਸਭ ਰਲੇ ਹੋਏ ਹਨ। ਜੇ ਦਿਲੋਂ ਅਸਤੀਫਾ ਦਿੱਤਾ ਹੁੰਦਾ ਤਾਂ ਪੰਜ ਮਿੰਟ ਵਿੱਚ ਮਨਜ਼ੂਰ ਹੋ ਜਾਂਦਾ। ਰਲ-ਮਿਲ ਕੇ ਦਿੱਤਾ ਅਸਤੀਫਾ ਮਨਜ਼ੂਰ ਨਹੀਂ ਹੁੰਦਾ। ਮਲੂਕਾ ਨੇ ਕਿਹਾ ਮੁੱਖ ਮੰਤਰੀ ਤੇ ਉਨ੍ਹਾਂ ਦੇ ਚੇਲਿਆਂ ਦੇ ਕਹਿਣ 'ਤੇ ਸਿਰੇ ਦਾ ਨਾਲਾਇਕ ਬੰਦਾ ਚਲਦਾ ਸੀ।


 


ਸੁਖਬੀਰ ਬਾਦਲ ਖਿਲਾਫ ਨਾਅਰੇਬਾਜੀ ਸਵਾਲ 'ਤੇ ਮਲੂਕਾ ਨੇ ਕਿਹਾ ਕਿ ਉਹ ਖਰੀਦੇ ਹੋਏ ਬੰਦੇ ਹਨ। ਜੇਕਰ ਅਸੀਂ ਚਾਹੀਏ ਤਾਂ ਹੁਣ ਪੈਸੇ ਦੇ ਕੇ ਤੁਹਾਡੇ ਖ਼ਿਲਾਫ਼ ਨਾਅਰੇ ਲੁਆ ਦਿੰਦੇ ਹਾਂ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਬੀਤੇ ਕੱਲ੍ਹ ਨਵਜੋਤ ਸਿੰਘ ਸਿੱਧੂ ਵੱਲੋਂ ਮੁੜ ਇਨਸਾਫ ਦੀ ਮੰਗ ਦੇ ਸਵਾਲ 'ਤੇ ਉਨ੍ਹਾਂ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਪਹਿਲਾਂ ਤਾਂ ਰੇਲਵੇ ਵਾਲਿਆਂ ਕੋਲ ਜਾਣਾ ਚਾਹੀਦਾ ਹੈ ਜਿੱਥੇ ਇੰਨੇ ਬੰਦੇ ਮਰੇ। ਉਨ੍ਹਾਂ ਦੀ ਸਾਰ ਤਾਂ ਅੱਜ ਤੱਕ ਨਹੀਂ ਲਈ ਕਿ ਕੀ-ਕੀ ਵਾਅਦੇ ਸਿੱਧੂ ਸਾਹਿਬ ਨੇ ਕੀਤੇ ਸੀ।