ਆਕਲੈਂਡ : ਮੰਗਲਵਾਰ ਨੂੰ ਆਕਲੈਂਡ ਸ਼ਹਿਰ ਦੇ ਡੈਵਨਪੋਰਟ ਤੋਂ ਸਲਾਨਾ ਆਕਲੈਂਡ ਮੈਰਾਥਨ ਦੌੜ (42 ਕਿਲੋਮੀਟਰ) ਦਾ ਆਯੋਜਨ ਕੀਤਾ ਗਿਆ ਜਿਸ ਵਿਚ ਲਗਪਗ 14,000 ਵੱਖ-ਵੱਖ ਕੌਮਾਂ ਅਤੇ ਦੇਸ਼ਾਂ ਦੇ ਲੋਕਾਂ ਨੇ ਭਾਗ ਲਿਆ।

ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ 3 ਵਜੇ ਖਤਮ ਹੋਈ ਇਹ ਦੌੜ ਭਾਰਤੀ ਭਾਈਚਾਰੇ, ਖਾਸ ਕਰ ਸਿੱਖ ਭਾਈਚਾਰੇ ਲਈ ਉਸ ਸਮੇਂ ਹੋਰ ਮਹੱਤਵਪੂਰਨ ਅਤੇ ਪ੍ਰੇਰਨਾ ਸਰੋਤ ਬਣ ਗਈ ਜਦੋਂ ਜਵਾਨੀ ਦੀ ਭਾਵਨਾ ਰੱਖਣ ਵਾਲੇ 77 ਸਾਲਾ ਅੰਮ੍ਰਿਤਧਾਰੀ  ਬਲਬੀਰ ਸਿੰਘ ਬਸਰਾ ਨੇ ਛੇਵੀਂ ਵਾਰ ਇਸ ਦੌੜ ਵਿਚ ਭਾਗ ਲੈ ਕੇ 42.19 ਕਿਲੋਮੀਟਰ ਦਾ ਸਫਰ 5 ਘੰਟੇ 41 ਮਿੰਟ 54 ਸੈਕਿੰਡ ਦੇ ਵਿਚ ਪੂਰਾ ਕਰ ਲਿਆ।

ਆਪਣੀ ਉਮਰ ਵਰਗ ਦੇ ਲੋਕਾਂ ਦੇ ਆਏ ਰੈਂਕ ਵਿਚ ਉਹ ਉਪਰਲੀ ਸ਼੍ਰੇਣੀ ਵਿਚ ਆਏ। ਉਨ੍ਹਾਂ ਆਪਣੀ ਇਸ ਪ੍ਰਾਪਤੀ ਅਤੇ ਤੰਦਰੁਸਤੀ ਦਾ ਰਾਜ ਆਪਣੇ ਪੁੱਤਰ ਗੁਰਦੀਪ ਸਿੰਘ ਬਸਰਾ ਅਤੇ ਨੂੰਹ ਬਲਜਿੰਦਰ ਕੌਰ ਵੱਲੋਂ ਕੀਤੀ ਜਾ ਰਹੀ ਸੇਵਾ ਅਤੇ ਹੌਸਲਾ ਅਫ਼ਜਾਈ ਮੰਨਿਆ ਹੈ ਜਿਨ੍ਹਾਂ ਦੇ ਪਿਆਰ ਆਸਰੇ ਉਹ ਇਸ ਮੈਰਾਥਨ ਦੌੜ ਵਿਚ ਹਿੱਸਾ ਲੈ ਰਹੇ ਹਨ। ਕਈ ਵਾਰ ਬਲਬੀਰ ਸਿੰਘ ਬਸਰਾ ਦਿਨ ਵਿਚ 61 ਕਿਲੋਮੀਟਰ ਤੱਕ ਪੈਦਲ ਚੱਲ ਲੈਂਦੇ ਹਨ। ਸ਼ਾਲਾ ਇਹ 77 ਸਾਲਾ ਬਜ਼ੁਰਗ ਨੌਜਵਾਨ ਆਉਣ ਵਾਲੇ ਸਮੇਂ ਵਿਚ ਵੀ ਪੰਜਾਬੀਆਂ ਦੀ ਤੰਦਰੁਸਤੀ ਅਤੇ ਸਿਹਤ ਦਾ ਪ੍ਰਦਰਸ਼ਨ ਕਰਕੇ ਨਿਊਜ਼ੀਲੈਂਡ ਦਾ ਫੌਜਾ ਸਿੰਘ ਕਹਾਵੇ।

ਬਲਬੀਰ ਸਿੰਘ ਬਸਰਾ ਤੋਂ ਇਲਾਵਾ ਇਸ ਵਾਰ ਹੋਰ ਵੀ ਕਈ ਪੰਜਾਬੀਆਂ ਅਤੇ ਭਾਰਤੀਆਂ ਨੇ ਹਿੱਸਾ ਲਿਆ। ਪਰਮਜੀਤ ਸਿੰਘ ਅਤੇ ਪਰਵਿੰਦਰ ਸਿੰਘ ਹੋਰਾਂ ਵੀ 42 ਕਿਲੋਮੀਟਰ ਦੌੜ ਪੂਰੀ ਕੀਤੀ। ਜਦ ਕਿ ਅਮਨ ਸਿੰਘ, ਗੁਰਦੀਪ ਸਿੰਘ, ਹਰੀ ਸਿੰਘ, ਨਰਿੰਜਣ ਸਿੰਘ, ਸ਼ਾਮ ਸਿੰਘ, ਸੁਨੀਲ ਸਿੰਘ ਅਤੇ ਵਰਸ਼ਾ ਸਿੰਘ ਨੇ 21 ਕਿਲੋਮਟੀਰ (ਅੱਧੀ ਮੈਰਾਥਨ) ਦੌੜ ਪੂਰੀ ਕੀਤੀ।

ਜੇਤੂ ਰਹੇ: ਪੁਰਸ਼ਾਂ ਵਿਚ ਜੇਤੂ ਰਹੇ ਓਸਾਕਾ ਬੇਇਨਜ (25) ਜਿਸ ਨੇ 2 ਘੰਟੇ 20 ਮਿੰਟ ਅਤੇ 36 ਸੈਕਿੰਡ ਵਿਚ 42 ਕਿਲੋਮੀਟਰ ਦੌੜ ਪੂਰੀ ਕੀਤੀ। ਮਹਿਲਾ ਵਰਗ ਵਿਚ ਨਿਕੋਲ ਗੋਲਡਸਮਿੱਥ ਨੇ ਇਹ ਦੌੜ 2 ਘੰਟੇ 47 ਮਿੰਟ ਅਤੇ 45 ਸੈਕਿੰਡ ਵਿਚ ਪੂਰੀ ਕੀਤੀ।