ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ 6ਵੇਂ ਕਬੱਡੀ ਵਿਸ਼ਵ ਕੱਪ ਦਾ ਵੀਰਵਾਰ ਨੂੰ ਰੂਪਨਗਰ ਦੇ ਨਹਿਰੂ ਸਟੇਡੀਅਮ ਵਿੱਚ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਆਗਾਜ਼ ਹੋਇਆ। ਭਾਵੇਂ ਵਿਦੇਸ਼ੀ ਕਬੱਡੀ ਫੈਡਰੇਸ਼ਨਾਂ ਨੇ ਟੂਰਨਾਮੈਂਟ ਵਿੱਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਹੋਇਆ ਹੈ ਪਰ ਫਿਰ ਵੀ ਵਿਦੇਸ਼ੀ ਟੀਮਾਂ ਪੁੱਜੀਆਂ ਹੋਈਆਂ ਹਨ। ਸਵਾਲ ਉੱਠ ਰਹੇ ਹਨ ਕਿ ਕਬੱਡੀ ਫੈਡਰੇਸ਼ਨਾਂ ਦੇ ਬਾਈਕਾਟ ਦੇ ਬਾਵਜੂਦ ਇਹ ਟੀਮਾਂ ਕਿਵੇਂ ਆਈਆਂ।

ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਕੈਨੇਡਾ (ਬੀਸੀ ਤੇ ਅਲਬਰਟਾ) ਦੇ ਪ੍ਰਧਾਨ ਲਾਲੀ ਢੇਸੀ, ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਪ੍ਰਧਾਨ ਜੈਸ ਸੋਹਲ, ਕੈਲੇਫੋਰਨੀਆ ਕਬੱਡੀ ਫੈਡਰੇਸ਼ਨ ਆਫ USA ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ, UK ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਢੰਡਾ, ਇੰਗਲੈਂਡ ਕਬੱਡੀ ਫੈਡਰੇਸ਼ਨ ਆਫ UK ਦੇ ਪ੍ਰਧਾਨ ਗੋਲਡੀ ਸੰਧੂ ਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਨਾਲ-ਨਾਲ ਸਾਂਝੀ ਯੂਰਪ ਕਬੱਡੀ ਫੈਡਰੇਸ਼ਨ ਦੇ ਨੁਮਾਇੰਦੇ ਰਘਵੀਰ ਸਿੰਘ ਕਹਾਲੋ, ਪਿੰਕਾ ਸੇਖੋਂ ਤੇ ਜੱਗਾ ਦਿਓਲ ਨੇ ਮੀਡੀਆ ਦੇ ਨਾਂ ਜਾਰੀ ਸਾਂਝੇ ਬਿਆਨ ‘ਚ ਆਖਿਆ ਸੀ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਪੰਜਾਬ ਵਿੱਚ ਹੀ ਤਕਰੀਬਨ 87 ਥਾਵਾਂ ‘ਤੇ ਬੇਅਦਬੀ ਦੀ ਘਿਨੌਣੀ ਸਾਜਿਸ਼ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ ਪਰ ਇੱਕ ਵੀ ਮਾਮਲੇ ਵਿੱਚ ਸਰਕਾਰੀ ਤੇ ਕਾਨੂੰਨੀ ਤੰਤਰ ਦੋਸ਼ੀਆਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕਿਆ।

ਇਸੇ ਰੋਸ ‘ਚ ਉਕਤ ਕਬੱਡੀ ਸੰਗਠਨਾਂ ਵੱਲੋਂ ਵਿਸ਼ਵ ਕਬੱਡੀ ਕੱਪ-2016 ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ, ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਤੇ ਇਰਾਨ ਦੀਆਂ ਟੀਮਾਂ ਵੀ ਪੰਜਾਬ ਵਿਸ਼ਵ ਕਬੱਡੀ ਕੱਪ ਵਿੱਚ ਖੇਡਣ ਨਹੀਂ ਜਾ ਰਹੀਆਂ। ਫੈਡਰੇਸ਼ਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਹੜੀਆਂ ਟੀਮਾਂ ਤੇ ਖਿਡਾਰੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੱਪ ਵਿੱਚ ਹਿੱਸਾ ਲੈਣਗੇ, ਉਸ ਨੂੰ ਕੈਨੇਡਾ, ਯੂਰਪ, ਅਮਰੀਕਾ ਤੇ ਇੰਗਲੈਂਡ ਵਿੱਚ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਦੌਰਾਨ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਸ ਦੇ ਬਾਵਜੂਦ ਵਿਦੇਸ਼ੀ ਟੀਮਾਂ ਟੂਰਨਾਮੈਂਟਾਂ ਵਿੱਚ ਖੇਡ ਰਹੀਆਂ ਹਨ। ਖੇਡਾਂ ਨੂੰ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਕਬੱਡੀ ਦੇ ਮਹਾਂਕੁੰਭ ਵਿੱਚ ਮਰਦਾਂ ਦੀਆਂ 11 ਤੇ ਔਰਤਾਂ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਮਰਦਾਂ ਦੀਆਂ 11 ਟੀਮਾਂ ਵਿੱਚ ਭਾਰਤ, ਅਰਜਨਟੀਨਾ, ਅਮਰੀਕਾ, ਇੰਗਲੈਂਡ, ਕੈਨੇਡਾ, ਅਸਟਰੇਲੀਆ, ਈਰਾਨ, ਸਵੀਡਨ, ਤਨਜ਼ਾਨੀਆ, ਕੀਨੀਆ ਤੇ ਸਿਆਰਾ ਲਿਓਨ ਸ਼ਾਮਲ ਹਨ ਜਦਕਿ ਮਹਿਲਾਵਾਂ ਦੀਆਂ ਟੀਮਾਂ ਵਿੱਚ ਭਾਰਤ, ਸਿਆਰਾ ਲਿਓਨ, ਕੀਨੀਆ, ਅਮਰੀਕਾ, ਮੈਕਸੀਕੋ, ਤਨਜ਼ਾਨੀਆ, ਨਿਊਜ਼ੀਲੈਂਡ ਤੇ ਸ੍ਰੀਲੰਕਾ ਆਪਸ ਵਿੱਚ ਭਿੜਣਗੀਆਂ।