9 ਸਾਲਾ ਬੱਚੀ ਨੇ ਅੰਡਰ-19 ਟੀਮ ਵਿੱਚ ਸ਼ਾਮਲ ਹੋ ਕੇ ਇਤਿਹਾਸ ਰਚ ਦਿੱਤਾ
27 ਅਪ੍ਰੈਲ ਤੋਂ ਗਵਾਲੀਅਰ ਵਿੱਚ ਸ਼ੁਰੂ ਹੋਣ ਵਾਲੇ ਮੱਧ ਪ੍ਰਦੇਸ਼ ਅੰਤਰ ਡਵੀਜ਼ਨਲ ਕ੍ਰਿਕਟ ਟੂਰਨਾਮੈਂਟ ਲਈ ਅਨਾਦੀ ਤਾਗੜੇ ਨੂੰ ਇੰਦੌਰ ਡਵੀਜ਼ਨ ਦੀ 16 ਮੈਂਬਰੀ ਅੰਡਰ-19 ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਚੌਥੀ ਜਮਾਤ ਦੀ ਵਿਦਿਆਰਥਣ ਅਨਾਦੀ ਤਾਗੜੇ ਨੇ ਦੱਸਿਆ, ‘ਜਦੋਂ ਮੈਂ ਪੰਜ ਸਾਲ ਦੀ ਸੀ ਤਾਂ ਮੁਹੱਲੇ ਦੇ ਲੜਕਿਆਂ ਨੂੰ ਕ੍ਰਿਕਟ ਖੇਡਦੇ ਦੇਖ ਕੇ ਮੇਰੇ ਮਨ ‘ਚ ਇਸ ਖੇਡ ਲਈ ਦਿਲਚਸਪੀ ਪੈਦਾ ਹੋਈ, ਪਰ ਉਦੋਂ ਮੈਨੂੰ ਲੜਕੇ ਆਪਣੇ ਨਾਲ ਕ੍ਰਿਕਟ ਨਹੀਂ ਖੇਡਣ ਦਿੰਦੇ ਸਨ। ਕੁਝ ਦਿਨ ਮੈਂ ਆਪਣੇ ਵੱਡੇ ਭਰਾ ਨਾਲ ਕ੍ਰਿਕਟ ਖੇਡੀ, ਫਿਰ ਮੇਰੇ ਪਿਤਾ ਅਨੁਰਾਗ ਤਾਗੜੇ ਨੇ ਮੈਨੂੰ ਇੱਕ ਸਥਾਨਕ ਕ੍ਰਿਕਟ ਕਲੱਬ ਵਿੱਚ ਸਿੱਖਣ ਲਈ ਭੇਜ ਦਿੱਤਾ।’
ਅਨਾਦੀ ਤਾਗੜੇ ਦਾ ਜਨਮ 31 ਮਾਰਚ 2008 ਨੂੰ ਹੋਇਆ ਸੀ। ਉਹ ਵੱਡੀ ਹੋ ਕੇ ਦੇਸ਼ ਦੀ ਮਹਿਲਾ ਕ੍ਰਿਕਟ ਟੀਮ ਵਿੱਚ ਸ਼ਾਮਲ ਹੋਣਾ ਚਾਹੰੁਦੀ ਹੈ। ਅਨਾਦੀ ਦੀ ਮਾਂ ਦੀਪਤੀ ਤਾਗੜੇ ਖੱਬੇ ਹੱਥ ਦੀ ਸਪਿਨ ਗੇਂਦਬਾਜ ਦੇ ਰੂਪ ਵਿੱਚ ਯੂਨੀਵਰਸਿਟੀ ਲੈਵਲ ‘ਤੇ ਕ੍ਰਿਕਟ ਖੇਡ ਚੁੱਕੀ ਹੈ, ਪਰ ਕਈ ਕਾਰਨਾਂ ਕਰ ਕੇ ਉਹ ਪੇਸ਼ੇਵਰ ਕ੍ਰਿਕਟ ਨਹੀਂ ਖੇਡ ਸਕੀ।
ਇੰਦੌਰ: ਅਨਾਦੀ ਤਾਗੜੇ ਦੀਆਂ ਸਹੇਲੀਆਂ ਜਦੋਂ ਗੁੱਡੀਆਂ ਨਾਲ ਖੇਡ ਰਹੀਆਂ ਸਨ, ਉਦੋਂ ਇੰਦੌਰ ਦੀ ਇਹ ਮਾਸੂਮ ਲੜਕੀ ਕ੍ਰਿਕਟ ਦੀ ਗੇਂਦ ਫੜ ਕੇ ਗੇਂਦਬਾਜ਼ੀ ਦੇ ਗੁਰ ਸਿੱਖ ਰਹੀ ਸੀ। ਖੇਡ ਪ੍ਰਤੀ ਉਸ ਦੇ ਜਨੂੰਨ ਦਾ ਨਤੀਜਾ ਹੈ ਕਿ ਮੀਡੀਅਮ ਰਫਤਾਰ ਦੀ ਇਸ ਹੁਨਰਮੰਦ ਗੇਂਦਬਾਜ਼ ਨੂੰ ਸਿਰਫ ਨੌਂ ਸਾਲ ਦੀ ਉਮਰੇ ਹੀ ਇੰਦੌਰ ਡਵੀਜ਼ਨ ਦੀ ਅੰਡਰ 19 ਲੜਕੀਆਂ ਦੀ ਟੀਮ ਵਿੱਚ ਚੁਣ ਲਿਆ ਗਿਆ ਹੈ।