ਲੰਡਨ : ਟਾਈਟੈਨਿਕ ਜਹਾਜ਼ ਦੀ ਇਕ ਚਾਬੀ 85 ਹਜ਼ਾਰ ਪੌਂਡ (ਕਰੀਬ 70 ਲੱਖ ਰੁਪਏ) ਵਿਚ ਨਿਲਾਮ ਹੋ ਗਈ ਹੈ। ਇਹ ਜਹਾਜ਼ ਸੰਨ 1912 ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸੇ ਦੇ ਲਾਈਫ ਜੈਕੇਟ ਲਾਕਰ ਦੀ ਇਹ ਚਾਬੀ ਸੀ। ਡੈਵੀਜੇਸ ਵਿਚ ਹੋਈ ਨਿਲਾਮੀ ਵਿਚ ਚਾਬੀ ਸਮੇਤ ਟਾਈਟੈਨਿਕ ਨਾਲ ਜੁੜੀਆਂ 200 ਤੋਂ ਵੱਧ ਚੀਜ਼ਾਂ ਵੇਚੀਆਂ ਗਈਆਂ। ਨਿਲਾਮਕਾਰ ਐਂਡਰਿਊ ਐਲਡਿ੍ਰਜ਼ ਨੂੰ ਚਾਬੀ ਦੇ 50 ਹਜ਼ਾਰ ਪੌਂਡ ਵਿਚ ਵਿਕਣ ਦੀ ਉਮੀਦ ਸੀ। ਇਹ ਚਾਬੀ ਸਿਡਨੀ ਸੈਡੁਨਰੀ ਕੋਲ ਸੀ। ਉਨ੍ਹਾਂ ਦੀ ਵੀ ਟਾਈਟੈਨਿਕ ਹਾਦਸੇ ਵਿਚ ਮੌਤ ਹੋ ਗਈ ਸੀ।

ਉਨ੍ਹਾਂ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਕੁਰਬਾਨੀ ਦੇ ਦਿੱਤੀ ਸੀ। 14 ਅਪ੍ਰੈਲ, 1912 ਨੂੰ ਟਾਈਟੈਨਿਕ ਵਿਸ਼ਾਲ ਹਿਮਖੰਡ ਨਾਲ ਟਕਰਾਅ ਕੇ ਐਟਲਾਂਟਿਕ ਮਹਾਸਾਗਰ ਵਿਚ ਡੁੱਬ ਗਿਆ ਸੀ। ਇਸ ਵਿਚ 1500 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ ਜਦਕਿ 710 ਬਚ ਗਏ ਸਨ। ਇਸ ਨਿਲਾਮੀ ਵਿਚ ਜਹਾਜ਼ ਦੇ ਚੀਫ ਆਫੀਸਰ ਹੈਨਰੀ ਵਿਲਡੇ ਦੇ ਪੱਤਰਾਂ ਦਾ ਸੰਗ੍ਰਹਿ 5 ਹਜ਼ਾਰ ਪੌਂਡ ਵਿਚ ਵਿਕਿਆ। ਟਾਈਟੈਨਿਕ ਤੋਂ ਲਿਖੇ ਇਕ ਪੱਤਰ ਵਿਚ ਉਨ੍ਹਾਂ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਨੂੰ ਜਹਾਜ਼ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਸੀ।