ਸੁਨਾਮ : ਸੁਨਾਮ ਨੇੜਲੇ ਪਿੰਡ ਸਤੌਜ ਵਿੱਚ ਝੋਨਾ ਕੱਟ ਰਹੀ ਕੰਬਾਈਨ ਦੇ ਬਿਜਲੀ ਦੀਆਂ ਤਾਰਾਂ ਨਾਲ ਛੂਹ ਜਾਣ ਕਾਰਨ ਦੋ ਚਚੇਰੇ ਭਰਾਵਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਚੌਥਾ ਗੰਭੀਰ ਜ਼ਖ਼ਮੀ ਹੋ ਗਿਆ। ਯਾਦ ਰਹੇ ਕਿ ਸਤੌਜ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਦਾ ਜੱਦੀ ਪਿੰਡ ਹੈ। ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਭਗਵੰਤ ਮਾਨ ਰਾਜਨੀਤਿਕ ਰੁਝਵੇ ਛੱਡ ਕੇ ਆਪਣੇ ਪਿੰਡ ਪਹੁੰਚ ਗਿਆ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਬਿੰਦਰ ਸਿੰਘ ਗੁਰਜੰਟ ਸਿੰਘ ਜੋ ਆਪਸ ਵਿੱਚ ਚਚੇਰੇ ਭਰਾ ਸਨ ਆਪਣੇ ਖੇਤਾਂ ਵਿੱਚ ਝੋਨਾ ਕਟਵਾ ਰਹੇ ਸਨ। ਜਦੋਂਕਿ ਬੂਟਾ ਸਿੰਘ ਕੰਬਾਈਨ ਚਲਾ ਰਿਹਾ ਸੀ। ਕਟਾਈ ਦੌਰਾਨ ਚਾਲਕ ਕੰਬਾਈਨ ਨੂੰ ਪਿੱਛੇ ਕਰਨ ਲੱਗਿਆ ਤਾਂ ਕੰਬਾਈਨ ਖੇਤ ਉਪਰੋਂ ਲੰਘਦੀਆਂ 11 ਕੇਵੀ ਬਿਜਲੀ ਦੀਆਂ ਤਾਰਾਂ ਨਾਲ ਖਹਿ ਗਈ ਅਤੇ ਕੰਬਾਈਨ ਵਿੱਚ ਕਰੰਟ ਆ ਗਿਆ।
ਕੰਬਾਈਨ ਸਵਾਰ ਤਿੰਨਾਂ ਨੇ ਉਤਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਇਸ ਦੌਰਾਨ ਖੇਤ ਵਿੱਚ ਮੌਜੂਦ ਗੁਰਪਿਆਰ ਸਿੰਘ ਨੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਰੰਟ ਦੀ ਲਪੇਟ ਵਿੱਚ ਆਉਣ ਕਾਰਨ ਉਹ ਵੀ ਗੰਭੀਰ ਜ਼ਖ਼ਮੀ ਹੋ ਗਿਆ ।