ਨਿਊ ਸਾਊਥ ਵੇਲਜ਼ ਦੇ ਜੰਗਲੀ ਇਲਾਕੇ ਕੈਸਲ ਕਲੋਵ 'ਚ ਪਿਛਲੇ ਕਈ ਦਿਨਾਂ ਤੋਂ ਭਿਆਨਕ ਅੱਗ ਫੈਲੀ ਹੋਈ ਹੈ ਤੇ ਇਸ ਅੱਗ 'ਤੇ ਕਾਬੂ ਪਾਉਣ ਲਈ ਵੱਡੇ ਪੱਧਰ 'ਤੇ ਸੰਘਰਸ਼ ਕੀਤੇ ਜਾ ਰਹੇ ਹਨ। ਉੱਥੇ ਹੀ ਸਾਬਕਾ ਪ੍ਰਧਾਨ ਮੰਤਰੀ ਵੀ ਪੂਰੀ ਲਗਨ ਨਾਲ ਅੱਗ ਬੁਝਾਊ ਦਸਤਿਆਂ ਦੀ ਮਦਦ ਕਰ ਰਹੇ ਹਨ ਤੇ ਖ਼ੁਦ ਟਰੱਕ 'ਚ ਸਵਾਰ ਹੋ ਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰਦੇ ਦੇਖੇ ਗਏ।
ਇਸ ਦੌਰਾਨ ਇਕ ਵਾਰ ਪੈਰ ਫਿਸਲਣ ਕਾਰਨ ਉਹ ਡਿੱਗ ਵੀ ਪਏ। ਜੰਗਲ 'ਚ ਲੱਗੀ ਅੱਗ ਨੂੰ ਬੁਝਾਉਂਦਿਆਂ ਦੀਆਂ ਦੀਆਂ ਸਾਬਕਾ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਵੀ ਮੀਡਿਆ 'ਚ ਨਸ਼ਰ ਹੋ ਰਹੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਨੂੰ ਨਿਊ ਸਾਊਥ ਵੇਲਜ਼ ਫਾਇਰ ਸਰਵਿਸਿਜ਼ ਵੱਲੋ ਵਲੰਟੀਅਰ ਵਜੋਂ ਦਸ ਸਾਲ ਦੀਆਂ ਸੇਵਾਵਾਂ ਬਦਲੇ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਮੀਡਿਆ ਨੇ ਵੀ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਕਿਹਾ ਕਿ ਇਹ ਢੁਕਵਾਂ ਸਮਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਕਰੀਬ 36 ਵੱਖ-ਵੱਖ ਹਿੱਸੇ ਅੱਗ ਦੀ ਲਪੇਟ 'ਚ ਹਨ ਜਿੰਨ੍ਹਾਂ ਲਈ 600 ਅੱਗ ਬੁਝਾਊ ਦਸਤੇ ਮੁਸ਼ਕਤ ਕਰ ਰਹੇ ਹਨ।