1...ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨਿਵਾਸ ਬਾਹਰ ਕਾਂਗਰਸ ਦੇ ਐਸ.ਸੀ. ਵਿੰਗ ਦੇ ਵਰਕਰ ਤੇ ਲੀਡਰ ਅੱਧ ਨੰਗੇ ਹੋ ਕੇ ਪ੍ਰਦਰਸ਼ਨ ਕਰ ਰਹੇ ਸਨ। ਜਦੋਂ ਉਹ ਸੀ.ਐਮ. ਹਾਊਸ ਵੱਲ ਵਧਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਚੰਡੀਗੜ੍ਹ ਪੁਲਿਸ ਨੇ ਵਾਟਰ ਕੈਨਨ ਨਾਲ ਕਾਂਗਰਸੀਆਂ ਨੂੰ ਫੰਡਿਆ।

2…ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ 'ਸਰਬਤ ਖਾਲਸਾ' ਦੀ ਇਜਾਜ਼ਤ ਦੇਣ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਲਾਇਆ ਕੇਸ ਵਾਪਸ ਲੈ ਲਿਆ ਹੈ। 10 ਨਵੰਬਰ ਨੂੰ ਤਲਵੰਡੀ ਸਾਬੋ ਵਿੱਚ 'ਸਰਬੱਤ ਖਾਲਸਾ' ਸੱਦਿਆ ਗਿਆ ਸੀ ਪਰ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦਿਆਂ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਸੀ।

3... ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਹਰਸਿਮਰਤ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਜੇਕਰ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣ ਗਈ ਤਾਂ ਧਰਨਿਆਂ ਦੀ ਸਰਕਾਰ ਬਣ ਕੇ ਰਹਿ ਜਾਏਗੀ।

4...ਮੋਗਾ ਨੇੜਲੇ ਪਿੰਡ ਵਿੱਚ ਲੁਟੇਰੇ ਕਿਸਾਨ ਕੋਲੋਂ ਦਿਨ-ਦਿਹਾੜੇ ਸਾਢੇ ਅੱਠ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਮੰਨੀਆ ਪਿੰਡ ਦਾ ਰਹਿਣ ਵਾਲਾ ਕਿਸਾਨ ਬੈਂਕ ਵਿੱਚ ਲੋਨ ਦੇ ਪੈਸੇ ਜਮ੍ਹਾ ਕਰਵਾਉਣ ਜਾ ਰਿਹਾ ਸੀ। ਰਸਤੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕਿਆ ਤੇ ਅੱਖਾਂ ਵਿੱਚ ਲਾਲ ਮਿਰਚ ਪਾ ਕੇ ਪੈਸਿਆਂ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਏ।

5...ਮੁਕਤਸਰ ਵਿੱਚ ਹਾਈ ਵੋਲਟੇਜ਼ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਦੋ ਨੌਜਵਾਨ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੋਹਾਂ ਵਿੱਚੋਂ ਗੰਭੀਰ ਜ਼ਖਮੀ ਨੂੰ ਇਲਾਜ ਲਈ ਫਰੀਦਕੋਟ ਰੈਫਰ ਕੀਤਾ ਗਿਆ ਜਦਕਿ ਦੂਜੇ ਦਾ ਇਲਾਜ ਮੁਕਤਸਰ ਵਿੱਚ ਹੀ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਕੋਟਕਪੂਰਾ ਰੋਡ 'ਤੇ ਬਸਤੀ ਵਿੱਚ ਘਰ ਨੂੰ ਸਫੈਦੀ ਦਾ ਕੰਮ ਕਰਦੇ ਹਾਦਸਾ ਵਾਪਰਿਆ।