ਚੰਡੀਗੜ੍ਹ: ਤਲਵੰਡੀ ਸਾਬੋ ਵਿਖੇ 10 ਨਵੰਬਰ ਨੂੰ ਹੋਣ ਵਾਲੇ ਸਰਬੱਤ ਖ਼ਾਲਸੇ ਦੀ ਆਗਿਆ ਲੈਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਾਈਕੋਰਟ ਵਿੱਚ ਪਾਈ ਗਈ ਪਟੀਸ਼ਨ ਵਾਪਸ ਲੈ ਲਈ ਗਈ ਹੈ।
ਕੇਸ ਦੀ ਸੁਣਵਾਈ ਦੌਰਾਨ ਪੰਜਾਬ ਹਰਿਆਣਾ ਹਾਈਕੋਰਟ ਨੇ ਸਿਮਰਨਜੀਤ ਸਿੰਘ ਮਾਨ ਦੇ ਵਕੀਲ ਨੂੰ ਪੁੱਛਿਆ ਕਿ ਕਿਸ ਆਧਾਰ ਉੱਤੇ 'ਸਰਬੱਤ ਖ਼ਾਲਸਾ' ਕਰਵਾਉਣ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਉੱਤੇ ਮਾਨ ਦੇ ਵਕੀਲ ਅਦਾਲਤ ਵਿੱਚ ਕੋਈ ਦਲੀਲ ਪੇਸ਼ ਨਹੀਂ ਕਰ ਪਾਏ ਤੇ ਉਨ੍ਹਾਂ ਆਪਣਾ ਕੇਸ ਵਾਪਸ ਲੈ ਲਿਆ। ਇਸ ਤੋਂ ਪਹਿਲਾਂ ਅਦਾਲਤ ਨੇ ਪੰਜਾਬ ਸਰਕਾਰ ਨੂੰ ਵੀ ਇਸ ਸਬੰਧੀ ਨੋਟਿਸ ਜਾਰੀ ਕੀਤਾ ਸੀ।
ਯਾਦ ਰਹੇ ਕਿ ਸਰਬੱਤ ਖ਼ਾਲਸਾ 10 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਸਬੰਧੀ ਪ੍ਰਸ਼ਾਸਨ ਨੇ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ ਪੁਲਿਸ ਵੱਲੋਂ ਵੀ ਗਰਮ ਖ਼ਿਆਲੀ ਆਗੂਆਂ ਦੀ ਗ੍ਰਿਫ਼ਤਾਰੀਆਂ ਕੀਤੀ ਜਾ ਰਹੀਆਂ ਹਨ।