ਚੰਡੀਗੜ੍ਹ: ਪੰਜਾਬ ਵਿੱਚ ਗੁਰਬਾਣੀ ਦੀ ਵਾਰ-ਵਾਰ ਅਸਿਹਣਯੋਗ ਬੇਅਦਬੀ ਦੇ ਰੋਸ ਵਜੋਂ 10 ਨਵੰਬਰ, 2015 ਦਾ ਸਰਬੱਤ ਖਾਲਸਾ ਹੋਇਆ ਸੀ। ਸਰਬੱਤ ਖਾਲਸਾ ਰਵਾਇਤ ਨੂੰ ਜੇ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਦੁਨੀਆ ਭਰ ਦੇ ਸਮੂਹ ਸਿੱਖਾਂ ਦੇ ਪ੍ਰਤੀਨਿਧੀ ਇਕੱਠ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਧ ਲਈਏ ਤਾਂ ਸਿੱਖਾਂ ਦੇ ਇਕੱਠ ਵਿੱਚ ਸ਼ਾਮਲ ਹੋਣ ਵਾਲੇ ਸਿੱਖ ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥1॥ ਮੁਤਾਬਕ ਵਿਚਾਰ 'ਤੇ ਫੈਸਲੇ ਕਰਦੇ ਹਨ। ਭਾਵ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਕਰਕੇ ਗੁਰੂ ਦੀ ਮਤ ਮੁਤਾਬਕ ਕਿਸੇ ਵੀ ਉਲਝਣ ਨੂੰ ਸੁਲਝਾ ਕੇ ਫੈਸਲਾ ਲੈਣਾ ਤੇ ਗੁਰਬਾਣੀ ਦੀ ਸੇਧ ਅਨੁਸਾਰ ਲਿਆ ਗਿਆ ਫੈਸਲਾ ਹਰ ਸਿੱਖ ਸੀਸ ਝੁਕਾ ਕੇ ਮੰਨਦਾ ਹੈ।


ਹੁਣ ਗੱਲ ਆ ਜਾਂਦੀ ਹੈ ਕਿ ਆਖਰ ਸਰਬੱਤ ਖਾਲਸਾ ਬੁਲਾਇਆ ਕਦੋਂ ਜਾਂਦਾ ਹੈ ਜਾਂ ਕਦੋਂ ਬੁਲਾਇਆ ਜਾਣਾ ਚਾਹੀਦਾ ਤੇ ਕੌਣ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰੀ ਹੁੰਦਾ ਹੈ? ਦਰਅਸਲ ਜਦੋਂ ਸਿੱਖ ਭਾਈਚਾਰੇ ਨੂੰ ਕਿਸੇ ਕੌਮੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ, ਉਦੋਂ ਸਰਬੱਤ ਖਾਲਸਾ ਬੁਲਾਇਆ ਜਾਂਦਾ ਹੈ ਤੇ ਉਸ ਦਾ ਨਤੀਜਾ ਵੀ ਕਿਸੇ ਵੱਡੀ ਕੌਮੀ ਪ੍ਰਾਪਤੀ ਦੇ ਰੂਪ ਵਿੱਚ ਨਿਕਲਦਾ ਹੈ। ਸਮੂਹ ਪੰਥਕ ਜਥੇਬੰਦੀਆਂ ਤੇ ਆਗੂ ਇਕਮੁੱਠ ਹੋ ਕੇ ਸਰਬੱਤ ਖਾਲਸਾ ਬੁਲਾਉਣ ਸਬੰਧੀ ਫੈਸਲਾ ਕਰਕੇ ਸਰਬੱਤ ਸੰਗਤ ਨੂੰ ਹੁਕਮਨਾਮੇ ਭੇਜ ਸਕਦੇ ਹਨ।

ਜਥੇਬੰਦਕ ਰੂਪ ਵਿੱਚ ਬੁਲਾਏ ਗਏ ਸਰਬੱਤ ਖਾਲਸਾ ਸਬੰਧੀ ਥਾਂ ਦੀ ਚੋਣ ਨੂੰ ਲੈ ਕੇ ਵੀ ਕੋਈ ਭਰਮ ਨਹੀਂ ਹੈ। ਸ਼ੁਰੂਆਤੀ ਰੂਪ ਵਿੱਚ ਦੇਖੀਏ ਤਾਂ ਗੁਰੂ ਗੋਬਿੰਦ ਸਿੰਘ ਨੇ 1699 ਦੇ ਇਕੱਠ ਵਿੱਚ ਖਾਲਸੇ ਦੀ ਸਾਜਨਾ ਕਰਕੇ ਸਰਬੱਤ ਖਾਲਸਾ ਦੇ ਇਕੱਠ ਤੇ ਗੁਰਮਤਾ ਕਰਨ ਦੀ ਰਵਾਇਤ ਨੂੰ ਜਨਮ ਦਿੱਤਾ। ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੰਥ 'ਤੇ ਬਹੁਤ ਬਿਖੜਾ ਸਮਾਂ ਸੀ, ਉਦੋਂ ਜੰਗਲਾਂ, ਪਹਾੜਾਂ ਵਿੱਚ ਵੱਸਦਾ ਖਾਲਸਾ ਸਾਲ ਵਿੱਚ ਵਿਸਾਖੀ 'ਤੇ ਦੀਵਾਲੀ ਦੇ ਮੌਕਿਆਂ 'ਤੇ ਅਕਾਲ ਤਖਤ ਸਾਹਿਬ ਵਿਖੇ ਇਕੱਠਾ ਹੁੰਦਾ ਸੀ। ਉਸ ਦੌਰਾਨ ਸਮੁੱਚੇ ਖਾਲਸੇ ਦੀ ਪ੍ਰਵਾਨਗੀ ਨਾਲ ਪੰਥ ਤੇ ਸਮਾਜ ਦੇ ਹਿੱਤ ਵਿੱਚ ਗੁਰਮਤੇ ਪਾਸ ਕੀਤੇ ਜਾਂਦੇ ਸਨ।

ਅਮਲੀ ਰੂਪ ਵਿੱਚ ਦੇਖੀਏ ਤਾਂ ਸਭ ਤੋਂ ਪਹਿਲਾ ਸਰਬੱਤ ਖਾਲਸਾ 1723 ਦੀ ਦੀਵਾਲੀ ਨੂੰ ਹੋਇਆ, ਜਦੋਂ ਤੱਤ ਖਾਲਸਾ ਤੇ ਬੰਦਈ ਖਾਲਸਾ ਵਿੱਚ ਹੋਣ ਵਾਲੀ ਸੰਭਾਵੀ ਝੜਪ ਨੂੰ ਟਾਲਣ ਲਈ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਮਨੀ ਸਿੰਘ ਨੇ ਪੰਥਕ ਏਕਤਾ ਨੂੰ ਕਾਇਮ ਕੀਤਾ। ਦੂਜਾ ਸਰਬੱਤ ਖਾਲਸਾ 13 ਅਕਤੂਬਰ, 1726 ਨੂੰ ਭਾਈ ਤਾਰਾ ਸਿੰਘ ਡੱਲਵਾਂ ਦੀ ਸ਼ਹੀਦੀ ਤੋਂ ਚਾਰ ਮਹੀਨੇ ਪਿੱਛੋਂ ਹੋਇਆ। ਇਸ ਵਿੱਚ ਗੁਰਮਤਾ ਸੋਧ ਕੇ ਤਿੰਨ ਅਹਿਮ ਫੈਸਲੇ ਕੀਤੇ ਗਏ। (ਇੱਕ-ਸ਼ਾਹੀ ਖਜ਼ਾਨੇ ਲੁੱਟੇ ਜਾਣ। ਦੂਜਾ-ਸਰਕਾਰੀ ਮੁਖ਼ਬਰਾਂ, ਖੁਸ਼ਾਮਦੀਆਂ, ਜੁੱਤੀ ਚੱਟਾਂ ਤੇ ਲਾਈਲੱਗਾਂ ਨੂੰ ਸੋਧਿਆ ਜਾਵੇਗਾ ਤੇ ਤੀਜਾ-ਅਸਲਾਖ਼ਾਨੇ ਲੁੱਟ ਕੇ ਹਥਿਆਰ ਵੱਧ ਤੋਂ ਵੱਧ ਗਿਣਤੀ ਵਿੱਚ ਜਮ੍ਹਾ ਕੀਤੇ ਜਾਣ।

ਜਾਣਕਾਰੀ ਮੁਤਾਬਕ 1805 ਤੱਕ ਤਿੰਨ ਦਰਜਨ ਦੇ ਕਰੀਬ ਸਰਬੱਤ ਖਾਲਸਾ ਸਮਾਗਮ ਹੋਏ। 1805 ਤੋ 1920 ਵਿਚਕਾਰ ਕੋਈ ਸਰਬੱਤ ਖਾਲਸਾ ਨਹੀਂ ਹੋਇਆ। 15 ਨਵੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਬੁਲਾਇਆ ਗਿਆ, ਕੌਮ ਦੀ ਖਿੰਡੀ ਪੁੰਡੀ ਸ਼ਕਤੀ ਨੂੰ ਇਕੱਤਰ ਕਰਨ ਲਈ ਬੁਲਾਏ ਉਸ ਇਕੱਠ ਵਿੱਚੋਂ ਕੌਮੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਜਿਸ ਨੇ ਗੁਰਦੁਆਰਿਆਂ ਦਾ ਪ੍ਰਬੰਧ ਵਿਅਕਤੀ ਤੋਂ ਸੰਗਤੀ ਰੂਪ ਵਿੱਚ ਤਬਦੀਲ ਕੀਤਾ।

ਜੂਨ, 1984 ਵਿੱਚ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਪਿੱਛੋਂ 26 ਜਨਵਰੀ, 1986 ਨੂੰ ਅਕਾਲ ਤਖ਼ਤ ਸਾਹਿਬ ਦੇ ਪਾਵਨ ਅਸਥਾਨ ‘ਤੇ ਸਰਬੱਤ ਖਾਲਸਾ ਦਾ ਸਮਾਗਮ ਹੋਇਆ। ਇਹ ਸਮਾਗਮ ਜ਼ਖਮੀ ਸਿੱਖ ਕੌਮ ਨੂੰ ਨਵੀਂ ਰਾਜਨੀਤਕ ਸੇਧ ਦੇਣ ਦਾ ਇਤਿਹਾਸਕ ਉਪਰਾਲਾ ਸੀ ਜਿਸ ਵਿੱਚ ਕਈ ਗੁਰਮਤੇ ਸੋਧੇ ਗਏ। ਇਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੇਵਾਮੁਕਤ ਕਰਨਾ, ਪੰਜ ਮੈਂਬਰੀ ਕਮੇਟੀ ਕਾਇਮ ਕਰਕੇ ਸਿੱਖ ਸੰਘਰਸ਼ ਦੀ ਅਗਵਾਈ ਸੌਂਪਣੀ ਤੇ ਅਕਾਲ ਤਖ਼ਤ ਦੀ ਉਸਾਰੀ ਲਈ ਕਾਰ ਸੇਵਾ ਦਮਦਮੀ ਟਕਸਾਲ ਨੂੰ ਸੌਂਪਣੀ ਸ਼ਾਮਲ ਸੀ।

ਇਸ ਸਰਬੱਤ ਖਾਲਸੇ ਵੱਲੋਂ ਸ਼੍ਰੋਮਣੀ ਕਮੇਟੀ ਭੰਗ ਕਰਨ ਦਾ ਫੈਸਲਾ ਕਿੰਨਾ ਕੁ ਠੀਕ ਸੀ ਜਾਂ ਨਹੀਂ, ਇਸ ਬਾਰੇ ਵਿਦਵਾਨਾਂ ਦੀਆਂ ਵੱਖ-ਵੱਖ ਰਾਵਾਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਸ੍ਰੀ ਆਨੰਦਪੁਰ ਸਾਹਿਬ ਵਿਖੇ 16 ਫਰਵਰੀ, 1986 ਨੂੰ ਸਰਬੱਤ ਖਾਲਸੇ ਦਾ ਸਮਾਗਮ ਹੋਇਆ। ਇਸ ਸਮਾਗਮ ਦਾ ਉਦੇਸ਼ ਸਮਾਗਮ ਦੇ ਪ੍ਰਬੰਧਕਾਂ ਮੁਤਾਬਕ ‘ਭਰਾ ਮਾਰੂ ਜੰਗ ਰੋਕਣਾ ਤੇ ਪੰਥਕ ਹਿੱਤਾਂ ਨੂੰ ਪਰਪੱਕ ਕਰਨਾ’ ਸੀ ਪਰ ਕੁਝ ਹਲਕਿਆ ਮੁਤਾਬਕ ਇਹ ਸਰਬੱਤ ਖਾਲਸਾ ਗੁਰਮਤਿ ਜੁਗਤ ਤੋਂ ਸੱਖਣਾ ਸੀ।

ਅੱਜ ਸਰਬੱਤ ਖਾਲਸਾ ਦੇ ਵਜੂਦ ਦੀ ਗੱਲ ਕਰੀਏ ਤਾਂ ਵਿਦਵਾਨਾਂ ਮੁਤਾਬਕ ਅਜਿਹੇ ਇਕੱਠਾਂ ਨੂੰ ਪੰਥਕ ਕਨਵੈਨਸ਼ਨ ਜਾਂ ਪੰਥਕ ਸਮਾਗਮ ਤਾਂ ਆਖਿਆ ਜਾ ਸਕਦਾ ਹੈ ਪਰ ਸਰਬੱਤ ਖਾਲਸਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਜੇ 10 ਨਵੰਬਰ, 2015 ਦੇ ਸਰਬੱਤ ਖਾਲਸਾ ਦੀ ਗੱਲ ਕਰੀਏ ਤਾਂ ਉਸ ਵਿੱਚ ਆਮ ਸਿੱਖ ਤਾਂ ਦੇਸ਼ ਵਿਦੇਸ਼ ਤਾਂ ਲੱਖਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ ਪਰ ਪੰਥਕ ਜਥੇਬੰਦੀਆਂ ਦੀ ਏਕਤਾ ਨਜ਼ਰ ਨਹੀਂ ਆਈ। ਅੱਜ ਰਵਾਇਤ ਤੋਂ ਉਲਟ ਪੰਥ ਦੀ ਕਿਸੇ ਵੀ ਦਰਪੇਸ਼ ਚੁਣੌਤੀ ਦੇ ਹੱਲ ਲਈ ਇਕੱਠ ਦੌਰਾਨ ਪਾਸ ਕੀਤੇ ਜਾਣ ਵਾਲੇ ਮਤੇ ਪਹਿਲਾਂ ਹੀ ਲਿਖ ਲਏ ਜਾਂਦੇ ਹਨ।

-ਹਰਸ਼ਰਨ ਕੌਰ