ਅਹਿਮਦਾਬਾਦ: ਗੁਜਰਾਤ ਦੇ ਜੂਨਾਗੜ੍ਹ ਵਿੱਚ ਕੁਝ ਅਜਿਹਾ ਹੋਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਟਰੱਕ ਡਰਾਈਵਰ ਵੱਲੋਂ ਫ਼ਿਲਮੀ ਸਟਾਈਲ 'ਚ ਗਾਂ ਦੀ ਜਾਨ ਬਚਾਉਣ ਦੀ ਇਸ ਵੀਡੀਓ ਨੂੰ ਹਰ ਕੋਈ ਸ਼ੇਅਰ ਕਰ ਰਿਹਾ ਹੈ। ਚਾਲਕ ਨੇ ਆਪਣੀ ਜਾਨ ਨੂੰ ਜ਼ੋਖ਼ਮ ਵਿੱਚ ਪਾਉਂਦਿਆਂ ਜ਼ਬਰਦਸਤ ਬਰੇਕਾਂ ਲਾਈਆਂ ਕਿ ਟਰੱਕ 180 ਡਿਗਰੀ ਘੁੰਮ ਗਿਆ ਤੇ ਪੂਰਾ ਸੀਨ ਸੀਸੀਟੀਵੀ ਵਿੱਚ ਕੈਦ ਹੋ ਗਿਆ।


ਘਟਨਾ ਜੂਨਾਗੜ੍ਹ-ਮੇਨਦਰਦਾ ਰੋਡ ਦੀ ਹੈ, ਜਿੱਥੇ ਟਰੱਕ ਆਪਣੀ ਪੂਰੀ ਰਫ਼ਤਾਰ 'ਤੇ ਆ ਰਿਹਾ ਸੀ। ਸੜਕ 'ਤੇ ਗਊ ਆ ਜਾਂਦੀ ਹੈ ਤੇ ਟਰੱਕ ਚਾਲਕ ਤੇਜ਼ ਰਫ਼ਤਾਰ ਦੇ ਬਾਵਜੂਦ ਪੂਰੀ ਤਾਕਤ ਨਾਲ ਬਰੇਕ ਲਾਉਂਦਾ ਹੈ ਤੇ ਨਾਲ ਹੀ ਸਟੇਅਰਿੰਗ ਵੀ ਮੋੜਦਾ ਹੈ। ਬਰੇਕ ਲੱਗਦਿਆਂ ਟਰੱਕ ਦਾ ਅਗਲਾ ਪਾਸਾ ਉੱਥੇ ਹੀ ਜਾਮ ਹੋ ਗਿਆ ਤੇ ਪਿਛਲਾ ਹਿੱਸਾ 180 ਡਿਗਰੀ ਤਕ ਘੁੰਮ ਗਿਆ।

ਜਿੰਨੀ ਸਪੀਡ 'ਤੇ ਟਰੱਕ ਆ ਰਿਹਾ ਸੀ ਤੇ ਬਰੇਕ ਲਾਉਣ 'ਤੇ ਪਲਟ ਵੀ ਸਕਦਾ ਸੀ। ਸ਼ੁਕਰ ਰਿਹਾ ਕਿ ਡਰਾਈਵਰ ਨੇ ਗੱਡੀ ਦਾ ਸੰਤੁਲਨ ਨਹੀਂ ਗਵਾਇਆ ਤੇ ਪੂਰਾ ਕੰਟਰੋਲ ਰੱਖਦਿਆਂ ਆਪਣੀ ਤੇ ਗਾਂ ਦੀ ਜਾਨ ਬਚਾਉਣ ਲਈ ਟਰੱਕ ਨੂੰ 180 ਡਿਗਰੀ ਘੁਮਾ ਦਿੱਤਾ। ਇਸ ਕੁਸ਼ਲ ਟਰੱਕ ਡਰਾਈਵਰ ਦੀ ਪਛਾਣ ਨਾ ਹੋ ਸਕੀ, ਪਰ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।