ਨਵੀਂ ਦਿੱਲੀ: ਅਫ਼ਰੀਕੀਨ ਦੇਸ਼ ਯੁਗਾਂਡਾ ਨੇ ਸੋਸ਼ਲ ਮੀਡੀਆ 'ਤੇ ਕਰ ਲਗਾ ਦਿੱਤਾ ਹੈ। ਯੁਗਾਂਡਾ ਦੀ ਸੰਸਦ ਨੇ ਸੋਸ਼ਲ ਮੀਡੀਆ ਟੈਕਸ ਨਾਂਅ ਦਾ ਬਿਲ ਪਾਸ ਕੀਤਾ ਹੈ, ਜਿਸ ਰਾਹੀਂ ਇਨ੍ਹਾਂ ਮਾਧਿਅਮਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਤੋਂ ਕਰ ਵਸੂਲਿਆ ਜਾਵੇਗਾ।   ਸਰਕਾਰ ਦੀ ਤਜਵੀਜ਼ ਹੈ ਕਿ ਵ੍ਹੱਟਸਐਪ, ਫੇਸਬੁੱਕ ਤੇ ਟਵਿੱਟਰ ਆਦਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਤੋਂ 200 ਸ਼ਿਲਿੰਗ (ਭਾਰਤੀ ਮੁਦਰਾ ਦੇ ਹਿਸਾਬ ਨਾਲ 3.57 ਰੁਪਏ) ਕਰ ਦੀ ਵਸੂਲੀ ਕੀਤੀ ਜਾਵੇਗੀ। ਯੁਗਾਂਡਾ ਦੇ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਦਾ ਤਰਕ ਹੈ ਕਿ ਲੋਕ ਸੋਸ਼ਲ ਮੀਡੀਆ 'ਤੇ 'ਗੱਪਾਂ' ਮਾਰਨ ਵਿੱਚ ਰੁੱਝੇ ਰਹਿੰਦੇ ਹਨ, ਜੋ ਯੁਗਾਂਡਾ ਦੇ ਕੀਮਤੀ ਸਮੇਂ ਤੇ ਵਸੀਲਿਆਂ ਦੀ ਬਰਬਾਦੀ ਹੈ। ਇਹ ਕਾਨੂੰਨ ਪਹਿਲੀ ਜੁਲਾਈ ਤੋਂ ਲਾਗੂ ਹੋ ਸਕਦਾ ਹੈ। ਹਾਲਾਂਕਿ, ਲੋਕਾਂ ਵਿੱਚ ਤੌਖ਼ਲੇ ਹਨ ਕਿ ਕਦੋਂ ਇਸ ਕਾਨੂੰਨ ਨੂੰ ਲਾਗੂ ਕੀਤਾ ਜਾਵੇਗਾ।