ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਸੜਕ 'ਤੇ ਖੜ੍ਹੇ ਇਕ ਮੋਟਰਸਾਈਕਲ ਦੀ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਸੜਕ ਦੇ ਕੰਢੇ ਖੜ੍ਹੀ ਬਾਈਕ ਦੀ ਤਸਵੀਰ ਦੇਖਣ ਤੋਂ ਬਾਅਦ ਜਿੱਥੇ ਇਕ ਪਾਸੇ ਯੂਜਰਸ ਹੈਰਾਨ ਹਨ, ਉੱਥੇ ਹੀ ਦੂਜੇ ਪਾਸੇ ਲੋਕ ਇਸ ਦੇ ਮਜੇ ਲੈਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਹਨ। ਦਰਅਸਲ ਸੜਕ ਨਿਰਮਾਣ ਦੌਰਾਨ ਮਜ਼ਦੂਰਾਂ ਨੇ ਬਗੈਰ ਸੋਚੇ-ਸਮਝੇ ਮੋਟਰਸਾਈਕਲ ਦੇ ਹੇਠਾਂ ਸੀਮਿੰਟ ਪਾ ਦਿੱਤਾ, ਜਿਸ ਤੋਂ ਬਾਅਦ ਬਾਈਕ ਸੜਕ 'ਚ ਹੀ ਫਿਕਸ ਹੋ ਗਈ।


ਸੋਸ਼ਲ ਮੀਡੀਆ 'ਤੇ ਵਾਇਰਲ ਹੋਏ 'ਵਿਕਾਸ' ਦੇ ਅਨੋਖੇ ਦ੍ਰਿਸ਼ ਦੀ ਇਹ ਤਸਵੀਰ ਤਾਮਿਲਨਾਡੂ ਦੇ ਵੇਲੋਰ ਦੀ ਹੈ, ਜਿੱਥੇ ਸੜਕ 'ਤੇ ਪਾਰਕ ਕੀਤੀ ਬਾਈਕ ਦਾ ਹਾਲ ਦੇਖ ਕੇ ਬਾਈਕ ਦਾ ਮਾਲਕ ਵੀ ਹੈਰਾਨ ਹੈ। ਸਟੈਂਡ 'ਤੇ ਸਾਈਕਲ ਖੜ੍ਹਾ ਸੀ, ਜਿਸ ਨੂੰ ਅੱਧਾ-ਅੱਧਾ ਫੁੱਟ ਸੀਮਿੰਟ ਪਾ ਕੇ ਫਿਕਸ ਕਰ ਦਿੱਤਾ ਗਿਆ।


ਬਾਈਕ ਦੇ ਮਾਲਕ ਐਸ. ਮੁਰੂਗਨ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਬਾਈਕ ਸੜਕ ਦੇ ਕਿਨਾਰੇ ਖੜ੍ਹੀ ਕੀਤੀ ਸੀ। ਸੜਕ ਬਣਾਉਣ ਵਾਲਿਆਂ ਨੇ ਨਾ ਤਾਂ ਉਨ੍ਹਾਂ ਨੂੰ ਕੁਝ ਦੱਸਿਆ ਅਤੇ ਨਾ ਹੀ ਮੋਟਰਸਾਈਕਲ ਹਟਾਉਣ ਦੀ ਚਿਤਾਵਨੀ ਦਿੱਤੀ। ਸੜਕ ਕੰਢੇ ਖੜ੍ਹੀ ਮੋਟਰਸਾਈਕਲ ਉੱਤੇ ਸੀਮਿੰਟ ਪਾ ਫਿਕਸ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹ ਘਟਨਾ ਗਾਂਧੀ ਰੋਡ ਨੇੜੇ ਉਸ ਇਲਾਕੇ ਦੀ ਹੈ, ਜਿੱਥੇ ਸਮਾਰਟ ਸਿਟੀਜ਼ ਮਿਸ਼ਨ ਦੇ ਤਹਿਤ ਵੇਲੋਰ ਸਿਟੀ ਨਗਰ ਨਿਗਮ (ਵੀਸੀਐਮਸੀ) ਇੱਕ ਸੜਕ ਬਣਾ ਰਹੀ ਸੀ।


'ਦਿ ਨਿਊ ਇੰਡੀਅਨ ਐਕਸਪ੍ਰੈਸ' ਦੀ ਇਕ ਰਿਪੋਰਟ ਮੁਤਾਬਕ ਸੀਮਿੰਟ 'ਚ ਫਸੀ ਹੋਈ ਬਾਈਕ ਦੇ ਮਾਲਕ ਐਸ. ਮੁਰੂਗਨ ਨੇ ਇਸ ਨੂੰ ਇਕ ਦੁਕਾਨ ਦੇ ਬਾਹਰ ਆਪਣੀ ਆਮ ਜਗ੍ਹਾ 'ਤੇ ਖੜ੍ਹੀ ਕੀਤੀ ਸੀ। ਸੜਕ ਬਣਾਉਣ ਵਾਲੇ ਮਜ਼ਦੂਰਾਂ ਨੇ ਨਾ ਚਿਤਾਵਨੀ ਦਿੱਤੀ ਸੀ ਅਤੇ ਨਾ ਹੀ ਉਨ੍ਹਾਂ ਨੂੰ ਇੱਥੋਂ ਮੋਟਰਸਾਈਕਲ ਹਟਾਉਣ ਬਾਰੇ ਕਿਹਾ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਅਸੀਂ ਰਾਤ 11 ਵਜੇ ਤੱਕ ਮੌਕੇ 'ਤੇ ਸੀ, ਪਰ ਉਨ੍ਹਾਂ ਨੇ ਸਾਨੂੰ ਮੋਟਰਸਾਈਕਲ ਹਟਾਉਣ ਦੀ ਸੂਚਨਾ ਨਹੀਂ ਦਿੱਤੀ। ਸਵੇਰੇ ਜਦੋਂ ਮੈਂ ਮੋਟਰਸਾਈਕਲ ਦੇਖਣ ਆਇਆ ਤਾਂ ਮੈਂ ਹੈਰਾਨ ਰਹਿ ਗਿਆ।


ਇਸ ਤਸਵੀਰ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਨਗਰ ਨਿਗਮ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਪ੍ਰਾਜੈਕਟ ਦੀ ਕੋਈ ਜਾਣਕਾਰੀ ਨਹੀਂ ਸੀ। ਇਸ ਦੇ ਨਾਲ ਹੀ ਇਸ ਘਟਨਾ ਸਬੰਧੀ ਇੰਜੀਨੀਅਰ (ਇੰਚਾਰਜ) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਿਗਮ ਦੇ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰਕੇ ਮੋਟਰਸਾਈਕਲ ਨੂੰ ਉੱਥੋਂ ਹਟਾਇਆ।