ਨਵੀਂ ਦਿੱਲੀ: ਰਸਗੁੱਲੇ (ਰੌਸ਼ੋਗੁੱਲੇ) ਦੇ ਵਿਵਾਦ ਵਿੱਚ ਆਖਰਕਾਰ ਪੱਛਮੀ ਬੰਗਾਲ ਦੀ ਜਿੱਤ ਹੋਈ ਹੈ। ਪੱਛਮੀ ਬੰਗਾਲ ਨੂੰ ਜੀ.ਆਈ.ਟੀ. ਯਾਨੀ ਜਿਓਗ੍ਰਾਫਿਕਲ ਇੰਡੀਕੇਸ਼ਨ ਟੈਗ (ਭੁਗੋਲਿਕ ਸੰਕੇਤ) ਮਿਲ ਗਿਆ ਹੈ। ਸੌਖੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਰਸਗੁੱਲੇ ਦੀ ਪੈਦਾਇਸ਼ ਬੰਗਾਲ ਵਿੱਚ ਹੀ ਹੋਈ ਸੀ ਪਰ ਓੜੀਸ਼ਾ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਰਸਗੁੱਲਾ ਬਣਾਉਣ ਦੀ ਵਿਧੀ ਉੱਥੋਂ ਹੀ ਪੱਛਮੀ ਬੰਗਾਲ ਪੁੱਜੀ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਜਿੱਤ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਰਸਗੁੱਲੇ ਦੇ ਜਨਮਦਾਤਾ ਵਜੋਂ ਐਲਾਨੇ ਜਾਣਾ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ। ਦਰਅਸਲ, ਬੀਤੇ ਕੁਝ ਸਮੇਂ ਤੋਂ ਪੱਛਮੀ ਬੰਗਾਲ ਤੇ ਓੜੀਸ਼ਾ ਇਸ ਜੀ.ਆਈ. ਟੈਗ ਲਈ ਆਪਸ ਵਿੱਚ ਭਿੜ ਰਹੇ ਸਨ। ਪੱਛਮੀ ਬੰਗਾਲ ਦੇ ਪੱਖ ਵਿੱਚ ਇਹ ਫੈਸਲਾ ਭਾਰਤੀ ਪੇਟੈਂਟ ਦਫ਼ਤਰ ਵੱਲੋਂ ਕੀਤਾ ਗਿਆ ਹੈ। ਓੜੀਸ਼ਾ ਦਾ ਦਾਅਵਾ-
ਸੂਬੇ ਦੇ ਸ਼ਹਿਰ ਭੁਵਨੇਸ਼ਵਰ ਦੇ ਲਾਗਲੇ ਪਿੰਡ ਪਾਹਲਾ ਦੇ ਖੀਰਮੋਹਨ ਨਾਂ ਦੇ ਵਿਅਕਤੀ ਨੇ ਇਸ ਮਿਠਾਈ ਨੂੰ ਪਹਿਲੀ ਵਾਰ ਬਣਾਇਆ ਸੀ। ਉੜੀਸ਼ਾ ਵੱਲੋਂ ਕੀਤੇ ਇਸ ਦਾਅਵੇ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਉਸ ਦੇ ਰਸਗੁੱਲਿਆਂ ਦੀ ਪ੍ਰਸਿੱਧੀ ਜਗਨਨਾਥ ਪੁਰੀ ਦੇ ਮੰਦਰ ਵਿੱਚ ਪਹੁੰਚ ਗਈ। 13ਵੀਂ ਸ਼ਤਾਬਦੀ ਤੋਂ ਰਸਗੁੱਲਾ ਓੜੀਸ਼ਾ ਵਿੱਚ ਬਣ ਰਿਹਾ ਹੈ ਤੇ ਉੱਥੇ ਅੱਜ ਵੀ ਰਥਯਾਤਰਾ ਤੋਂ ਬਾਅਦ ਜਦੋਂ ਭਗਵਾਨ ਨੂੰ ਮੰਦਰ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਰਸਗੁੱਲੇ ਹੀ ਚੜ੍ਹਾਏ ਜਾਂਦੇ ਹਨ। ਬੰਗਾਲ ਦਾ ਦਾਅਵਾ-
ਬੰਗਾਲ ਦਾ ਦਾਅਵਾ ਹੈ ਕਿ ਕੋਲਕਾਤਾ ਦੇ ਬਾਗ਼ ਬਾਜ਼ਾਰ ਇਲਾਕੇ ਵਿੱਚ ਆਪਣੀ ਦੁਕਾਨ ਕਰਦਿਆਂ ਨੋਬੀਨ ਚੰਦਰ ਨੇ 1868 ਵਿੱਚ ਰਸਗੁੱਲੇ ਦੀ ਖੋਜ ਕੀਤੀ ਸੀ। ਇੱਕ ਵਾਰ ਇੱਕ ਸੇਠ ਆਪਣੇ ਪਰਿਵਾਰ ਨਾਲ ਉਸ ਰਸਤਿਓਂ ਲੰਘਦਾ ਹੋਇਆ ਉਨ੍ਹਾਂ ਦੀ ਦੁਕਾਨ 'ਤੇ ਰੁਕ ਜਾਂਦਾ ਹੈ। ਸੇਠ ਦੇ ਬੱਚੇ ਪਿਆਸੇ ਹੁੰਦੇ ਹਨ ਤਾਂ ਨੋਬੀਨ ਉਨ੍ਹਾਂ ਨੂੰ ਪਾਣੀ ਦਿੰਦੇ ਹਨ ਤੇ ਰਸਗੁੱਲਾ ਖੁਵਾਉਂਦੇ ਹਨ। ਬੱਚਿਆਂ ਤੇ ਸੇਠ ਨੂੰ ਇਹ ਮਿਠਾਈ ਬਹੁਤ ਪਸੰਦ ਆਉਂਦੀ ਹੈ। ਇਸ ਤਰ੍ਹਾਂ ਇਹ ਮਿਠਾਈ ਸਾਰੇ ਸ਼ਹਿਰ ਵਿੱਚ ਮਸ਼ਹੂਰ ਹੋ ਜਾਂਦੀ ਹੈ। ਕੀ ਓੜੀਸ਼ਾ ਤੇ ਬੰਗਾਲੀ ਰਸਗੁੱਲੇ ਵਿੱਚ ਕੋਈ ਫਰਕ ਹੈ?
ਉਚਾਰਣ ਤੋਂ ਇਲਾਵਾ ਓੜੀਸ਼ਾ ਦਾ ਰਸਗੁੱਲਾ ਆਕਾਰ ਵਿੱਚ ਥੋੜ੍ਹਾ ਵੱਡਾ ਹੁੰਦਾ ਹੈ ਤੇ ਗਾੜ੍ਹੇ ਰੰਗ ਦਾ ਹੁੰਦਾ ਹੈ।
ਇਸ ਦੇ ਉਲਟ ਪੱਛਮੀ ਬੰਗਾਲ ਦਾ ਰਸਗੁੱਲਾ ਪੂਰਾ ਸਫੈਦ ਹੁੰਦਾ ਹੈ ਤੇ ਇਸ ਦਾ ਆਕਾਰ ਇੰਨਾ ਕੁ ਹੁੰਦਾ ਹੈ ਕਿ ਕੋਈ ਵੀ ਇਸ ਨੂੰ ਆਰਾਨ ਨਾਲ ਖਾ ਸਕੇ। ਅੱਜ ਦੁਨੀਆਂ ਭਰ ਵਿੱਚ ਫੈਲੇ ਬੰਗਾਲੀਆਂ ਨੇ ਆਪਣੀ ਜੱਦੀ ਮਿਠਾਈ ਨਾਲ ਦੁਨੀਆ ਦਾ ਮੂੰਹ ਮਿੱਠਾ ਕਰਵਾ ਦਿੱਤਾ ਹੈ।