ਗੁਆਂਢੀ ਰਾਜਾਂ ਤੋਂ ਪਾਣੀ ਦਾ ਬਿੱਲ ਵਸੂਲਣ ਲਈ ਡਟੇ 'ਆਪ' ਵਿਧਾਇਕ ਤੇ ਬੈਂਸ ਭਰਾ
ਏਬੀਪੀ ਸਾਂਝਾ | 14 Nov 2017 04:04 PM (IST)
ਚੰਡੀਗੜ੍ਹ: ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ, ਕੰਵਰ ਸੰਧੂ, ਅਮਨ ਅਰੋੜਾ ਤੇ ਲੋਕ ਇਨਸਾਫ ਪਾਰਟੀ ਦੇ ਲੀਡਰਾਂ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਨੇ ਹੋਰ ਰਾਜਾਂ ਤੋਂ ਪਾਣੀਆਂ ਦੀ ਕੀਮਤ ਵਸੂਲਣ ਦੇ ਮਾਮਲੇ 'ਤੇ ਪੰਜਾਬ ਦੀ ਮੁੱਖ ਸਕੱਤਰੇਤ ਸਾਹਮਣੇ ਧਰਨਾ ਦਿੱਤਾ। ਵਿਧਾਇਕਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਅੰਦਰ ਇਹ ਕਿਹਾ ਗਿਆ ਸੀ ਕਿ ਜਿੰਨਾ ਪਾਣੀ ਹੁਣ ਤੱਕ ਹਰਿਆਣਾ, ਰਾਜਸਥਾਨ, ਦਿੱਲੀ ਨੂੰ ਗਿਆ ਹੈ, ਉਸ ਦੀ ਕੀਮਤ ਵਸੂਲੀ ਜਾਵੇਗੀ ਪਰ ਇਸ 'ਤੇ ਸਰਕਾਰ ਕੁਝ ਨਹੀਂ ਕਰ ਰਹੀ। ਸਿਮਰਜੀਤ ਬੈਂਸ ਨੇ ਕਿਹਾ ਕਿ ਸਿਰਫ ਰਾਜਸਥਾਨ ਵੱਲ 16 ਲੱਖ ਕਰੋੜ ਦਾ ਬਿੱਲ ਬਕਾਇਆ ਹੈ। ਬੈਂਸ ਮੁਤਾਬਕ ਸਰਕਾਰ ਪਾਸ ਹੋਇਆ ਮਤਾ ਲਾਗੂ ਕਰੇ ਤੇ ਸਭ ਤੋਂ ਪਹਿਲਾਂ ਬਿੱਲ ਦਿੱਲੀ ਸਰਕਾਰ ਨੂੰ ਭੇਜਿਆ ਜਾਵੇ, ਜਿਸ ਨੂੰ ਅਦਾ ਕਰਨ ਲਈ ਕੇਜਰੀਵਾਲ ਸਰਕਰ ਰਾਜ਼ੀ ਹੈ। ਉਨ੍ਹਾਂ ਕਿਹਾ ਕਿ ਅਗਲੇ ਮੰਗਲਵਾਰ ਤੋਂ ਅਸੀਂ ਦਸਤਖ਼ਤ ਮੁਹਿੰਮ ਸ਼ੁਰੂ ਕਰਾਂਗੇ, ਜਿਸ ਤਹਿਤ ਸਮੂਹ 117 ਵਿਧਾਇਕ ਤੋਂ ਮਤਾ ਲਾਗੂ ਕਰਵਾਉਣ ਲਈ ਦਸਤਖ਼ਤ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਦਾ ਪਹਿਲਾ ਧਾਰਨਾ ਇੱਕ ਘੰਟੇ ਲਈ ਦਿੱਤਾ ਗਿਆ ਹੈ ਤੇ ਅਗਲੇ ਮੰਗਲਵਾਰ ਨੂੰ ਪਾਰਟੀ ਦਾ ਕੋਈ ਇੱਕ ਵਿਧਾਇਕ ਹਰ ਹਫਤੇ ਸਕੱਤਰੇਤ ਬਾਹਰ ਇਸੇ ਤਰ੍ਹਾਂ ਧਰਨੇ 'ਤੇ ਬੈਠੇਗਾ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਕੈਪਟਨ ਸੰਦੀਪ ਸੰਧੂ ਧਰਨੇ 'ਤੇ ਬੈਠੇ ਵਿਧਾਇਕਾਂ ਨੂੰ ਮਿਲਣ ਪਹੁੰਚੇ। ਸੰਧੂ ਨੇ ਕਿਹਾ ਕਿ ਸੁਖਪਾਲ਼ ਖਹਿਰਾ ਵੱਲੋਂ ਮੈਨੂੰ ਮਤੇ ਸਬੰਧੀ ਜਾਣਕਾਰੀ ਦੇਣ ਤੇ ਮੈਂ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਵਾਉਣ ਦਾ ਭਰੋਸਾ ਦੁਆਇਆ ਸੀ, ਉਸ ਦੇ ਬਾਵਜੂਦ ਵਿਧਾਇਕ ਧਰਨੇ 'ਤੇ ਬੈਠ ਗਏ। ਲਿਹਾਜ਼ਾ ਦੁਬਾਰਾ ਵਿਧਾਇਕਾਂ ਨੂੰ ਭਰੋਸਾ ਦੁਆਇਆ ਗਿਆ ਹੈ ਕਿ ਜਲਦ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ।