ਚੰਡੀਗੜ੍ਹ: ਜਿਹੜੇ ਸਕੂਲ 20 ਤੋਂ ਵੱਧ ਬੱਚੇ ਦਾਖ਼ਲ ਕਰ ਲੈਣਗੇ ਉਹ ਸਕੂਲ ਅਸੀਂ ਬੰਦ ਨਹੀਂ ਕਰਾਂਗੇ। ਬਹੁਤ ਸਾਰੇ ਸਕੂਲਾਂ ਨੇ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਅਜਿਹਾ ਕੀਤਾ ਹੈ। ਉਹ ਸਕੂਲਾਂ 'ਚ 20 ਤੋਂ ਜ਼ਿਆਦਾ ਬੱਚੇ ਦਾਖ਼ਲ ਕਰਵਾਉਣ ਦਾ ਪ੍ਰੋਗਰਾਮ ਬਣਾ ਰਹੇ ਹਨ। ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਸੂਬੇ ਦੇ 800 ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਇਹ ਗੱਲ ਕਹੀ ਹੈ। ਦੱਸਣਯੋਗ ਹੈ ਕਿ ਪਿਛਲੇ ਸਮੇਂ ਸਿੱਖਿਆ ਮੰਤਰਾਲੇ ਨੇ ਸੂਬੇ ਦੇ 800 ਸਰਕਾਰੀ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਸਕੂਲਾਂ ਤੇ ਅਧਿਆਪਕਾਂ ਦੇ ਨਾਲ ਹੈ ਜਿਹੜੇ ਇਸ ਤਰ੍ਹਾਂ ਦੀ ਪਹਿਲਕਦਮੀ ਲੈ ਰਹੇ ਹਨ, ਉਹ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਬਾਕੀ ਸਕੂਲ਼ਾਂ ਨੂੰ ਬੰਦ ਕਰਨਾ ਸਾਡੀ ਮਜ਼ਬੂਰੀ ਹੈ ਕਿਉਂਕਿ ਕਈ ਥਾਈਂ ਅਧਿਆਪਕ ਸਿਰਫ਼ ਤਨਖਾਹਾਂ ਲੈ ਰਹੇ ਹਨ ਤੇ ਬੱਚੇ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਵਧੀਆਂ ਬਣਾਉਣ ਲਈ ਵਚਨਵੱਧ ਹਾਂ।
ਚੌਧਰੀ ਨੇ ਕਿਹਾ ਅਸੀਂ ਬੱਚਿਆਂ ਦੀ ਭਲਾਈ ਲਈ ਪ੍ਰੀ-ਪ੍ਰਾਇਮਰੀ ਸਕੂਲ ਸ਼ੁਰੂ ਕੀਤੇ ਹਨ। ਇਸ ਨਾਲ 26000 ਆਂਗਣਵਾੜੀ ਵਰਕਰਾਂ ਨੂੰ ਡਰਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨੌਕਰੀ ਨੂੰ ਕੋਈ ਖ਼ਤਰਾ ਨਹੀਂ। ਉਨ੍ਹਾਂ ਨੂੰ ਵੀ ਪ੍ਰੀ-ਪ੍ਰਾਇਮਰੀ ਸਕੂਲਾਂ ਦੇ ਨਾਲ ਲੈ ਕੇ ਚੱਲਾਂਗੇ। ਉਨ੍ਹਾਂ ਕਿਹਾ ਕਿ ਸਰਹੱਦੀ ਖ਼ੇਤਰ ਲਈ ਵਿਸ਼ੇਸ਼ ਮਾਸਟਰ ਕਾਡਰ ਬਣੇਗਾ ਕਿਉਂਕਿ ਸਰਹੱਦੀ ਖੇਤਰ ਨੂੰ ਇਸ ਸਮੇਂ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਵਧੀਆ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਸਰਕਾਰੀ ਸਕੂਲਾਂ 'ਚ ਅਧਿਆਪਕ ਆਪਣੇ ਬੱਚੇ ਪੜ੍ਹਾਉਣ ਲੱਗੇ ਹਨ।