ਖਾਣਾ ਰੱਖਣ ਗਏ ਮੁਲਾਜ਼ਮ ਨੂੰ ਖਾ ਗਏ ਸ਼ੇਰ ਦੇ ਬੱਚੇ
ਏਬੀਪੀ ਸਾਂਝਾ | 09 Oct 2017 09:02 AM (IST)
ਬੈਂਗਲੁਰੂ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਕੋਲ ਸਥਿਤ ਬਨੇਰਘਾਟ ਬਾਇਓਲਾਜੀਕਲ ਪਾਰਕ ਵਿਚ ਇਕ ਮੁਲਾਜ਼ਮ ਸ਼ੇਰ ਦੇ ਬੱਚਿਆਂ ਦਾ ਸ਼ਿਕਾਰ ਬਣ ਗਿਆ। ਇਕ ਸਫ਼ੈਦ ਸ਼ੇਰਨੀ ਦੇ ਦੋ ਬੱਚਿਆਂ ਨੇ ਉਸ ਸਮੇਂ ਉਸ 'ਤੇ ਹਮਲਾ ਕਰ ਦਿੱਤਾ ਜਦੋਂ ਉਹ ਉਨ੍ਹਾਂ ਦੇ ਵਾੜੇ 'ਚ ਖਾਣਾ ਰੱਖਣ ਗਿਆ ਸੀ। ਪਾਰਕ ਦੇ ਸੂਤਰਾਂ ਅਨੁਸਾਰ 41 ਸਾਲਾ ਅੰਜੀ ਦੀ ਇਕ ਹਫ਼ਤਾ ਪਹਿਲਾਂ ਹੀ ਨਿਯੁਕਤੀ ਹੋਈ ਸੀ। ਉਹ ਵਾੜੇ ਵਿਚ ਮੀਟ ਰੱਖਣ ਗਿਆ ਸੀ ਪ੍ਰੰਤੂ ਇਸ ਦੌਰਾਨ ਉਸ ਨੇ ਇਹ ਧਿਆਨ ਨਹੀਂ ਦਿੱਤਾ ਕਿ ਵਾੜਾ ਦੂਸਰੇ ਪਾਸਿਉਂ ਖੁੱਲਾ ਹੋਇਆ ਹੈ ਜਿਥੇ ਸ਼ੇਰ ਦੇ ਬੱਚੇ ਆਰਾਮ ਕਰ ਰਹੇ ਹਨ। ਉਸ ਨੂੰ ਵੇਖਦੇ ਹੀ ਸੌਭਾਗਿਆ ਨਾਮਕ ਸ਼ੇਰਨੀ ਦੇ ਬੱਚੇ ਉਸ 'ਤੇ ਝਪਟ ਪਏ ਅਤੇ ਉਸ ਨੂੰ ਮਾਰ ਦਿੱਤਾ। ਪਾਰਕ ਦੇ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਗ਼ੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ। ਪਾਰਕ ਦੇ ਕਾਰਜਕਾਰੀ ਨਿਰਦੇਸ਼ਕ ਸੰਤੋਸ਼ ਕੁਮਾਰ ਨੇ ਅੰਜੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਪ੍ਰੰਤੂ ਇਸ ਬਾਰੇ ਵਿਚ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸੇ ਪਾਰਕ ਵਿਚ ਦੋ ਸਾਲ ਪਹਿਲੇ ਸ਼ੇਰਾਂ ਦੇ ਹਮਲੇ ਵਿਚ ਜਾਨਵਰਾਂ ਦੀ ਦੇਖਰੇਖ ਕਰਨ ਵਾਲਾ ਇਕ ਕਰਮਚਾਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਹਾਲ ਹੀ ਵਿਚ ਇਸੇ ਪਾਰਕ ਵਿਚ ਪੰਜ ਬੰਗਾਲ ਟਾਈਗਰ ਨੇ ਮਿਲ ਕੇ ਇਕ ਸਫ਼ੈਦ ਸ਼ੇਰ ਨੂੰ ਮਾਰ ਦਿੱਤਾ ਸੀ।