ਢਾਕਾ: ਬੰਗਲਾਦੇਸ਼ ਵਿੱਚ ਇੱਕ ਔਰਤ ਨੇ ਪਹਿਲੇ ਬੱਚੇ ਨੇ ਜਨਮ ਤੋਂ 26 ਦਿਨ ਬਾਅਦ ਜੌੜੇ ਬੱਚਿਆਂ ਨੂੰ ਜਨਮ ਦਿੱਤਾ। ਇਹ ਦੇਖ ਡਾਕਟਰ ਵੀ ਹੈਰਾਨ ਰਹਿ ਗਏ। ਦਰਅਸਲ, ਪਹਿਲਾ ਬੱਚਾ ਅਠਮਾਹਾ ਭਾਵ ਪ੍ਰੀ-ਮੇਚਿਓਰ ਸੀ। 20 ਸਾਲ ਦੀ ਅਰੀਫਾ ਸੁਲਤਾਨਾ ਦਾ ਪਹਿਲਾਂ ਕੁਦਰਤੀ ਜਣੇਪਾ ਹੋਇਆ ਸੀ ਪਰ ਡਾਕਟਰਾਂ ਨੂੰ ਇਹ ਨਹੀਂ ਸੀ ਪਤਾ ਕਿ ਔਰਤ ਦੇ ਦੂਜੀ ਬੱਚੇਦਾਨੀ ਵਿੱਚ ਜੌੜੇ ਬੱਚੇ ਹਨ। ਜਨਾਨਾ ਮਾਹਰ ਸ਼ੀਲਾ ਪੋਡਰ ਨੇ ਦੱਸਿਆ ਕਿ ਆਪ੍ਰੇਸ਼ਨ ਰਾਹੀਂ ਜੁੜਵੇਂ ਬੱਚਿਆਂ ਦੀ ਡਿਲੀਵਰੀ ਹੋਈ। ਸ਼ੁੱਕਰਵਾਰ ਨੂੰ ਉਨ੍ਹਾਂ ਦੱਸਿਆ ਕਿ ਸੁਲਤਾਨਾ ਨੇ ਇੱਕ ਮੁੰਡੇ ਤੇ ਇੱਕ ਕੁੜੀ ਨੂੰ ਜਨਮ ਦਿੱਤਾ ਹੈ। ਡਾਕਟਰਾਂ ਨੇ ਦੱਸਿਆ ਕਿ ਮਹਿਲਾ ਦੇ ਤਿੰਨੇ ਬੱਚੇ ਸੁਰੱਖਿਅਤ ਤੇ ਤੰਦਰੁਸਤ ਹਨ। ਸਰਕਾਰੀ ਹਸਪਤਾਲ ਦੇ ਚੀਫ ਦਿਲੀਪ ਰਾਏ ਨੇ ਕਿਹਾ ਕਿ ਉਨ੍ਹਾਂ ਆਪਣੇ ਤਜ਼ਰਬੇ ਵਿੱਚ ਅਜਿਹਾ ਕੇਸ ਪਹਿਲੀ ਵਾਰ ਦੇਖਿਆ ਹੈ। ਰਾਏ ਨੇ ਖੁਲਨਾ ਮੈਡੀਕਲ ਕਾਲਜ ਦੇ ਡਾਕਟਰਾਂ 'ਤੇ ਸਵਾਲ ਖੜ੍ਹੇ ਕੀਤੇ ਹਨ ਕਿ ਉਹ ਦੂਜੇ ਗਰਭ ਨੂੰ ਕਿਓਂ ਨਹੀਂ ਦੇਖ ਆਏ। ਦਰਅਸਲ, ਅਰੀਫਾ ਸੁਲਤਾਨਾ ਦੇ ਦੋ ਬੱਚੇਦਾਨੀਆਂ ਹਨ, ਜਿਸ ਨੂੰ ਯੂਟਰਸ ਡਾਇਡੇਲਫਿਸ ਕਹਿੰਦੇ ਹਨ। ਅਜਿਹੀ ਸਥਿਤੀ 25,000 ਵਿੱਚੋਂ ਇੱਕ ਔਰਤ ਨੂੰ ਹੋ ਸਕਦੀ ਹੈ, ਜੋ ਬੱਚੇਦਾਨੀ ਵਿੱਚ ਵਿਕਸਤ ਹੋਏ ਬੱਚੇਦਾਨੀ ਜਿਹੇ ਹੀ ਇੱਕ ਹੋਰ ਹਿੱਸੇ 'ਚ ਜੌੜੇ ਬੱਚਿਆਂ ਸਮੇਤ ਗਰਭਵਤੀ ਹੋ ਸਕਦੀ ਹੈ। ਸੁਲਤਾਨਾ ਦੇ ਪਰਿਵਾਰ ਦੀ ਵਿੱਤੀ ਹਾਲਤ ਕਾਫੀ ਨਾਜ਼ੁਕ ਹੈ। ਉਹ ਖ਼ੁਸ਼ ਹਨ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ, ਪਰ ਨਾਲ ਹੀ ਚਿੰਤਤ ਹਨ ਕਿ ਉਹ ਤਿੰਨ ਬੱਚਿਆਂ ਨੂੰ ਕਿਵੇਂ ਪਾਲਣਗੇ।