ਚੰਡੀਗੜ੍ਹ: ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੀ ਫ਼ਿਲਮ 'ਕੇਸਰੀ' ਨੇ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਨੂੰ ਸਿੱਖ ਭਾਈਚਾਰੇ ਨੇ ਬੇਹੱਦ ਪਿਆਰ ਦਿੱਤਾ ਹੈ। 'ਕੇਸਰੀ' ਹਾਲ ਹੀ ਵਿੱਚ ਜਾਰੀ ਹੋਈ ਪਹਿਲੀ ਫ਼ਿਲਮ ਹੈ, ਜਿਸ ਵਿੱਚ ਸਰਦਾਰਾਂ ਦੇ ਕਿਰਦਾਰ ਨੂੰ ਵੱਡੇ ਪਲਾਟ 'ਤੇ ਪੇਸ਼ ਕੀਤਾ ਗਿਆ ਹੋਵੇ।
ਫ਼ਿਲਮ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਸਿੱਖਾਂ ਨੇ ਅਰਦਾਸ ਵੀ ਕੀਤੀ ਸੀ ਤੇ ਸਾਰਾ ਕੁਝ ਸਹੀ ਹੁੰਦਾ ਗਿਆ। ਸਿੱਖਾਂ ਬਾਰੇ ਬਣੀਆਂ ਫ਼ਿਲਮਾਂ ਵਿੱਚੋਂ 'ਕੇਸਰੀ' ਇੱਕ ਹੈ, ਜਿਸ ਨਾਲ ਕੋਈ ਵਿਵਾਦ ਵੀ ਨਹੀਂ ਜੁੜਿਆ।
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਨੇ ਵੀ ਫ਼ਿਲਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਕਸ਼ੈ ਭਾਜੀ ਨੇ ਸਾਡੇ ਹੀਰੋ ਹੌਲਦਾਰ ਈਸ਼ਰ ਸਿੰਘ ਨੂੰ ਅਮਰ ਬਣਾ ਦਿੱਤਾ ਹੈ। ਅਕਸ਼ੈ ਕੁਮਾਰ ਦਾ ਵੀ ਕਹਿਣਾ ਹੈ ਕਿ ਸਰਦਾਰ ਦਾ ਕਿਰਦਾਰ ਨਿਭਾਉਂਦੇ ਹੋਏ ਉਸ ਨੂੰ ਹਮੇਸ਼ਾ ਹੀ ਖ਼ਾਸ ਅਹਿਸਾਸ ਹੁੰਦਾ ਹੈ।
1897 ਵਿੱਚ ਅਫ਼ਗ਼ਾਨਿਸਤਾਨ ਦੇ ਹਮਲਾਵਰਾਂ ਨਾਲ ਸਾਰਾਗੜ੍ਹੀ ਵਿੱਚ ਸਿਰਫ਼ 21 ਸਿੱਖਾਂ ਦੀ ਗਹਿਗੱਚ ਲੜਾਈ ਹੋਈ ਸੀ। ਸਿੱਖਾਂ ਨੇ ਬਹਾਦਰੀ ਦਾ ਸਬੂਤ ਦਿੰਦਿਆਂ ਧਾੜਵੀਆਂ ਨੂੰ ਆਪਣੀ ਜਾਨ 'ਤੇ ਖੇਡ ਕੇ ਅੱਗੇ ਵਧਣ ਤੋਂ ਰੋਕਿਆ। ਰਿਲੀਜ਼ ਹੋਣ ਮਗਰੋਂ ਇੱਕ ਹਫ਼ਤੇ ਵਿੱਚ 100 ਕਰੋੜ ਕਮਾਉਣ ਵਾਲੀ 'ਕੇਸਰੀ' ਅੱਗੇ ਵੀ ਚੰਗਾ ਵਪਾਰ ਕਰਨ ਦੇ ਸਮਰੱਥ ਜਾਪਦੀ ਹੈ।