ਸੱਪ ਦੇ ਢਿੱਡ 'ਚੋਂ ਮਿਲੀ ਲਾਪਤਾ ਔਰਤ ਦੀ ਲਾਸ਼
ਏਬੀਪੀ ਸਾਂਝਾ | 16 Jun 2018 05:42 PM (IST)
ਇੰਡੋਨੇਸ਼ੀਆ: ਪਿਛਲੇ ਕਈ ਦਿਨਾਂ ਤੋਂ ਲਾਪਤਾ ਇੱਕ ਔਰਤ ਦੀ ਲਾਸ਼ ਸੱਪ ਦੇ ਢਿੱਡ 'ਚੋਂ ਬਰਾਮਦ ਕੀਤੀ ਗਈ। 54 ਸਾਲਾ ਔਰਤ ਵਾ ਤਿੱਬਾ ਵੀਰਵਾਰ ਨੂੰ ਆਪਣੇ ਬਾਗ਼ ਵਿੱਚ ਗਈ ਪਰ ਘਰ ਵਾਪਸ ਨਹੀਂ ਆਈ। ਇਸ ਤੋਂ ਬਾਅਦ ਰਿਸ਼ਤੇਦਾਰਾਂ ਤੇ ਨੇੜੇ ਦੇ ਲੋਕਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਬਾਗ਼ ਦੇ ਨੇੜੇ ਵੱਡੀ ਗਿਣਤੀ 'ਚ ਸੱਪਾਂ ਦੀਆਂ ਖੁੱਡਾਂ ਹੋਣ ਕਾਰਨ ਨੇੜੇ ਦੇ ਲੋਕਾਂ ਨੂੰ ਸ਼ੱਕ ਹੋਇਆ ਕਿ ਉਸ ਔਰਤ ਨੂੰ ਸੱਪ ਨਿਗਲ ਗਿਆ ਹੈ। ਇਸ ਤੋਂ ਬਾਅਦ ਜਦੋਂ ਲੋਕਾਂ ਨੇ ਇੱਕ ਸੁੱਜੇ ਹੋਏ ਸੱਪ ਨੂੰ ਦੇਖਿਆ ਤਾਂ ਉਨ੍ਹਾਂ ਦਾ ਸ਼ੱਕ ਹੋਰ ਪੱਕਾ ਹੋ ਗਿਆ। ਸੋ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ 23 ਫੁੱਟ ਲੰਮੇ ਸੱਪ ਦਾ ਢਿੱਡ ਕੱਟ ਕੇ ਉਸ ਵਿਚੋਂ ਔਰਤ ਦੀ ਲਾਸ਼ ਬਰਾਮਦ ਕੀਤੀ ਗਈ। ਪੁਲਿਸ ਮੁਤਾਬਕ ਜਿੱਥੇ ਉਹ ਔਰਤ ਲਾਪਤਾ ਹੋਈ ਸੀ ਉਹ ਬਾਗ ਉਸ ਇਲਾਕੇ ਦੇ ਨੇੜੇ ਸਥਿਤ ਸੀ ਜੋ ਸੱਪਾਂ ਦੇ ਘਰ ਲਈ ਜਾਣਿਆ ਜਾਂਦਾ ਹੈ। ਦੱਸ ਦਈਏ ਕਿ ਪਾਈਥੋਨ ਕਿਸਮ ਦੇ ਸੱਪ ਆਮ ਤੌਰ 'ਤੇ 6 ਮੀਟਰ ਦੇ ਹੁੰਦੇ ਹਨ ਤੇ ਇਹ ਜ਼ਿਆਦਾਤਰ ਇੰਡੋਨੇਸ਼ੀਆ ਜਾਂ ਫਿਲਪਾਈਨ 'ਚ ਪਾਏ ਜਾਂਦੇ ਹਨ। ਹਾਲਾਂਕਿ ਇਹ ਸੱਪ ਛੋਟੇ ਜਾਨਵਰਾਂ ਨੂੰ ਖਾਂਦੇ ਹਨ। ਇਨਸਾਨਾਂ ਨੂੰ ਖਾਣ ਦੀਆਂ ਘਟਨਾਵਾਂ ਬਹੁਤ ਘੱਟ ਹਨ।