ਈਦ ਮੌਕੇ ਪਾਕਿਸਤਾਨ ਤੋਂ ਆਈ ਮਾਲ ਗੱਡੀ ਰਾਹੀਂ ਪੁੱਜੀ ਹੈਰੋਇਨ, ਸਰਹੱਦ 'ਤੇ ਨਹੀਂ ਵੰਡੀਆਂ ਗਈਆਂ ਮਿਠਾਈਆਂ
ਏਬੀਪੀ ਸਾਂਝਾ | 16 Jun 2018 02:32 PM (IST)
ਪੁਰਾਣੀ ਤਸਵੀਰ
ਅੰਮ੍ਰਿਤਸਰ: ਪਾਕਿਸਤਾਨ ਤੋਂ ਆਈ ਮਾਲ ਗੱਡੀ ਦੀ ਖ਼ਾਲੀ ਬੋਗੀ ਵਿੱਚੋਂ ਸੀਮਾ ਸੁਰੱਖਿਆ ਬਲ ਨੂੰ ਦੋ ਪੈਕੇਟ ਹੈਰੋਇਨ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਈਦ ਮੌਕੇ ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨ ਰੇਂਜਰਜ਼ ਨਾਲ ਮਿਠਾਈਆਂ ਦਾ ਆਦਾਨ ਪ੍ਰਦਾਨ ਵੀ ਨਹੀਂ ਕੀਤਾ। ਬੀਐਸਐਫ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 15 ਜੂਨ ਨੂੰ ਸ਼ਾਮ ਚਾਰ ਵਜੇ ਪਾਕਿਸਤਾਨੋਂ ਆਈ ਮਾਲ ਗੱਡੀ ਦੇ ਖਾਲੀ ਡੱਬੇ ਵਿੱਚੋਂ ਦੋ ਪੈਕੇਟ ਯਾਨੀ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਕੌਮਾਂਤਰੀ ਬਾਜ਼ਾਰ ਵਿੱਚ ਨਸ਼ੇ ਦੀ ਖੇਪ ਦੀ ਕੀਮਤ ਪੰਜ ਕਰੋੜ ਰੁਪਏ ਹੈ। ਉੱਧਰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਤਣਾਅ ਤੇ ਬੀਤੇ ਦਿਨੀਂ ਪਾਕਿਸਤਾਨ ਵੱਲੋਂ ਗੋਲ਼ੀਬੰਦੀ ਦੀ ਉਲੰਘਣਾ ਕਾਰਨ ਕਈ ਜਵਾਨ ਵੀ ਸ਼ਹੀਦ ਹੋਣ ਕਾਰਨ, ਅੱਜ ਅਟਾਰੀ-ਵਾਹਗਾ ਸਰਹੱਦ 'ਤੇ ਈਦ ਮੌਕੇ ਮਿਠਾਈਆਂ ਦਾ ਆਦਾਨ ਪ੍ਰਦਾਨ ਵੀ ਨਹੀਂ ਕੀਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨੀ ਰੇਂਜਰਜ਼ ਨੇ ਆਪਣੇ ਕਦਮ ਅੱਗੇ ਵਧਾਏ ਸਨ ਪਰ ਬੀਐਸਐਫ ਨੇ ਉਨ੍ਹਾਂ ਦੇ ਸੱਦੇ ਨੂੰ ਪ੍ਰਵਾਨ ਨਹੀਂ ਕੀਤਾ।