ਧਰਤੀ ਹੇਠ ਵੱਸਿਆ ਪੂਰਾ ਪਿੰਡ, ਨਾ ਏ.ਸੀ. ਦੀ ਲੋੜ, ਨਾ ਹੀਟਰ ਦੀ..
ਐਡੀਲੇਡ: ਹੁਣ ਤੱਕ ਤੁਸੀਂ ਅੰਡਰਗਰਾਊਂਡ ਘਰਾਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ ਪਰ ਜੇਕਰ ਤੁਹਾਨੂੰ ਕੋਈ ਕਿਸੇ ਅੰਡਰਗਰਾਊਂਡ ਪਿੰਡ ਬਾਰੇ ਦੱਸੇ ਤਾਂ ਤੁਸੀਂ ਕੀ ਕਹੋਗੇ? ਸਪਸ਼ਟ ਹੈ ਕਿ ਤੁਸੀਂ ਹੈਰਾਨ ਰਹਿ ਜਾਓਗੇ ਪਰ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ। ਆਸਟ੍ਰੇਲੀਆ 'ਚ ਇੱਕ ਪਿੰਡ ਅਜਿਹਾ ਹੈ, ਜਿਹੜਾ ਅਸਲ 'ਚ ਜ਼ਮੀਨ ਦੇ ਹੇਠ ਵੱਸਿਆ ਹੋਇਆ ਹੈ।
ਅਜਿਹਾ ਦੱਸਿਆ ਜਾਂਦਾ ਹੈ ਕਿ ਅੰਡਰਗਰਾਊਂਡ ਮਕਾਨਾਂ ਦੇ ਨਾਲ ਹੀ ਇੱਥੇ ਸਟੋਰ, ਬਾਰ, ਕੈਸੀਨੋ, ਮਿਊਜ਼ੀਅਮ ਤੇ ਚਰਚ ਆਦਿ ਮੌਜੂਦ ਹੈ। ਇੱਥੇ ਕਈ ਹਾਲੀਵੁੱਡ ਫ਼ਿਲਮਾਂ ਦੀ ਸ਼ੂਟਿੰਗ ਹੁੰਦੀ ਰਹਿੰਦੀ ਹੈ। 'ਪਿੱਚ ਬਲੈਕ' ਫ਼ਿਲਮ ਦੀ ਸ਼ੂਟਿੰਗ ਦੌਰਾਨ ਪ੍ਰੋਡਕਸ਼ਨ ਨੇ ਫ਼ਿਲਮ ਦਾ ਸਪੇਸਸ਼ਿਪ (ਪੁਲਾੜ ਯਾਨ) ਇੱਥੇ ਹੀ ਛੱਡ ਦਿੱਤਾ ਸੀ। ਹੁਣ ਇਹ ਸੈਲਾਨੀਆਂ ਲਈ ਆਕਰਸ਼ਨ ਦਾ ਕੇਂਦਰ ਬਣ ਚੁੱਕਾ ਹੈ।
ਮੀਡੀਆ ਰਿਪੋਰਟ ਮੁਤਾਬਕ ਇੱਥੇ ਜ਼ਮੀਨ ਦੇ ਹੇਠਾਂ ਬਣਾਏ ਗਏ ਘਰ ਸਾਰੀਆਂ ਸੁੱਖ ਸਹੂਲਤਾਂ ਨਾਲ ਲੈਸ ਹਨ। ਇਸ ਤਰ੍ਹਾਂ ਦੇ ਇੱਥੇ ਕਰੀਬ 1500 ਘਰ ਹਨ, ਜਿਨ੍ਹਾਂ 'ਚ 3500 ਤੋਂ ਵਧੇਰੇ ਲੋਕ ਰਹਿੰਦੇ ਹਨ। ਇਹ ਇਸ ਕਸਬੇ ਦਾ 60 ਫ਼ੀਸਦੀ ਹਿੱਸਾ ਹੈ। ਇਨ੍ਹਾਂ ਘਰਾਂ ਨੂੰ 'ਡਗ ਆਊਟਜ਼' ਕਿਹਾ ਜਾਂਦਾ ਹੈ। ਇਨ੍ਹਾਂ ਘਰਾਂ 'ਚ ਨਾ ਤਾਂ ਗਰਮੀਆਂ ਲਈ ਏ.ਸੀ. ਦੀ ਲੋੜ ਹੈ ਤੇ ਨਾ ਹੀ ਸਰਦੀਆਂ 'ਚ ਹੀਟਰ ਦੀ। ਜ਼ਮੀਨ ਦੇ ਅੰਦਰ ਹੋਣ ਕਾਰਨ ਇੱਥੇ ਤਾਪਮਾਨ ਹਮੇਸ਼ਾ ਆਰਾਮਦਾਇਕ ਰਹਿੰਦਾ ਹੈ।
ਦੱਖਣੀ ਆਸਟ੍ਰੇਲੀਆ 'ਚ ਸਥਿਤ ਇਸ ਛੋਟੇ ਜਿਹੇ ਪਿੰਡ ਦਾ ਨਾਂ ਕੂਬਰ ਪੇਡੀ ਹੈ। ਮੀਡੀਆ ਰਿਪੋਰਟ ਮੁਤਾਬਕ ਇੱਥੋਂ ਦੇ 60 ਫ਼ੀਸਦੀ ਲੋਕ ਅੰਡਰਗਰਾਊਂਡ ਘਰਾਂ 'ਚ ਰਹਿੰਦੇ ਹਨ। ਇੱਥੇ ਓਪਲ ਦੀਆਂ ਕਈ ਖ਼ਾਨਾਂ ਹਨ। ਇਕੱਲੇ ਕੂਬਰ ਪੇਡੀ 'ਚ ਹੀ 70 ਤੋਂ ਵਧੇਰੇ ਓਪਲ ਫੀਲਡਜ਼ ਹਨ ਤੇ ਓਪਲ ਮਾਈਨਿੰਗ ਲਈ ਇਹ ਦੁਨੀਆ 'ਚ ਸਭ ਤੋਂ ਵੱਡਾ ਖੇਤਰ ਹੈ। ਇੱਥੇ ਵਧੇਰੇ ਅੰਡਰਗਰਾਊਂਡ ਸਿਸਟਮ ਖ਼ਾਨਾਂ ਨੂੰ ਧਿਆਨ 'ਚ ਰੱਖਦਿਆਂ ਮਜ਼ਦੂਰਾਂ ਨੇ ਇਨ੍ਹਾਂ 'ਚ ਵਧੇਰੇ ਕਮਰੇ ਬਣਾ ਕੇ ਇੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ।